ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ‘ਲੇਬਰ ਡੇਅ’?
ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਨੂੰ ਸਮਰਪਿਤ ਹੈ ‘ਮਜ਼ਦਰ ਦਿਵਸ’
ਔਕਲੈਂਡ 01 ਮਈ 2025 (ਹਰਜਿੰਦਰ ਸਿੰਘ ਬਸਿਆਲਾ)- ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਰ ਸਾਲ ਇਕ ਮਈ ਨੂੰ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਦੀ ਬਦੌਲਤ ਹੀ ਅੱਜ ਦੁਨੀਆ ਭਰ ਦੇ ਦੇਸ਼ ਹਰ ਖੇਤਰ ਵਿਚ ਵਿਕਾਸ ਕਰ ਰਹੇ ਹਨ। ਮਜ਼ਦੂਰ ਦਿਵਸ ਨੂੰ ਮਈ ਦਿਵਸ, ਲੇਬਰ ਡੇਅ, ਕਰਮਚਾਰੀ ਦਿਵਸ ਆਦਿ ਵੀ ਕਿਹਾ ਜਾਂਦਾ ਹੈ। ਇਸ ਦਿਨ ਲਗਭਗ ਸਾਰੀਆਂ ਕੰਪਨੀਆਂ ਅਤੇ ਅਦਾਰਿਆਂ ਵਿਚ ਛੁੱਟੀ ਰਹਿੰਦੀ ਹੈ। ਸਿਰਫ ਭਾਰਤ ਹੀ ਨਹੀਂ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਇਸ ਦਿਨ ਛੁੱਟੀ ਰਹਿੰਦੀ ਹੈ।
ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?
ਭਾਰਤ ਵਿਚ ਮਜ਼ਦੂਰ ਦਿਵਸ ਕੰਮਕਾਜੀ ਲੋਕਾਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 1 ਮਈ 1923 ਨੂੰ ਹੋਈ ਸੀ। ਉਸ ਸਮੇਂ ਇਸ ਦਿਨ ਨੂੰ ਮਦਰਾਸ ਦਿਵਸ ਦੇ ਤੌਰ ’ਤੇ ਵੀ ਪ੍ਰਮਾਣਿਤ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਕਾਵੇਲੂ ਚੇਟਯਾਰ ਨੇ ਕੀਤੀ ਸੀ।
ਭਾਰਤ ਵਿਚ ਮਦਰਾਸ ਹਾਈਕੋਰਟ ਸਾਹਮਣੇ ਇਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਮਤਾ ਪਾਸ ਕਰਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿਚ ਵੀ ਮਜ਼ਦੂਰ ਦਿਵਸ ਦੇ ਤੌਰ ’ਤੇ ਮਨਾਇਆ ਜਾਵੇ ਅਤੇ ਇਸ ਦਿਨ ਨੂੰ ਛੁੱਟੀ ਐਲਾਨਿਆ ਜਾਵੇ। ਉਸ ਸਮੇਂ ਭਾਰਤ ਵਿਚ ਮਜ਼ਦੂਰਾਂ ਦੀ ਜੰਗ ਲੜਨ ਲਈ ਕਈ ਨੇਤਾ ਵੀ ਸਾਹਮਣੇ ਆਏ।
ਮਜ਼ਦੂਰ ਦਿਵਸ ਦਾ ਇਤਿਹਾਸ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1886 ਨੂੰ ਹੋਈ ਸੀ। ਉਸ ਸਮੇਂ ਅਮਰੀਕਾ ਵਿਚ ਕਈ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਜ਼ਿਆਦਾ ਨਾ ਰੱਖਣ ਲਈ ਹੜਤਾਲ ਕੀਤੀ ਸੀ। ਇਸੇ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਮਾਰਕੀਟ ਵਿਚ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਕਿਸ ਵੱਲੋਂ ਕਰਵਾਇਆ ਗਿਆ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਪਰ ਪੁਲਿਸ ਨੇ ਮਜ਼ਦੂਰਾਂ ’ਤੇ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਕਈ ਮਜ਼ਦੂਰ ਮਾਰੇ ਗਏ।
ਸ਼ਿਕਾਗੋ ਸ਼ਹਿਰ ਵਿਚ ਸ਼ਹੀਦ ਮਜ਼ਦੂਰਾਂ ਦੀ ਯਾਦ ਵਿਚ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਤੋਂ ਬਾਅਦ ਪੈਰਿਸ ਵਿਚ 1889 ਵਿਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਐਲਾਨ ਕੀਤਾ ਗਿਆ ਕਿ ਹੇਮਾਰਕਿਟ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਦਿਨ ਸਾਰੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਰਹੇਗੀ। ਉਸ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਰੂਪ ਵਿਚ ਮਨਾਇਆ ਜਾਣ ਲੱਗਿਆ। ਉਂਝ ਇਹ 160 ਦੇਸ਼ਾਂ ਦੇੇ ਵਿਚ ਮਨਾਇਆ ਜਾਂਦਾ ਹੈ।
ਕਈ ਦੇਸ਼ ਇਤਿਹਾਸਕ ਅਤੇ ਸੱਭਿਆਚਾਰਕ ਕਾਰਨਾਂ ਕਰਕੇ 1 ਮਈ ਤੋਂ ਇਲਾਵਾ ਹੋਰ ਤਰੀਕਾਂ ’ਤੇ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਜਿਵੇਂ ਨਿਊਜ਼ੀਲੈਂਡ ਦੇ ਵਿਚ ਹਰ ਸਾਲ ਅਕਤੂਬਰ ਦੇ ਚੌਥੇ ਸੋਮਵਾਰ (27 ਅਕਤੂਬਰ 2025) ਨੂੰ ਮਜ਼ਦੂਰ ਦਿਵਸ ਮਨਾਉਂਦੇ ਹਨ।
ਆਸਟਰੇਲੀਆ ਦੇ ਵੱਖ-ਵੱਖ ਰਾਜ ਵੱਖ-ਵੱਖ ਤਰੀਕਾਂ ’ਤੇ ਮਜ਼ਦੂਰ ਦਿਵਸ ਮਨਾਉਂਦੇ ਹਨ, ਆਮ ਤੌਰ ’ਤੇ ਮਾਰਚ ਜਾਂ ਅਕਤੂਬਰ ਵਿੱਚ। ਸੰਯੁਕਤ ਰਾਜ ਅਮਰੀਕਾ ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਜ਼ਦੂਰ ਦਿਵਸ ਮਨਾਉਂਦਾ ਹੈ। ਕੈਨੇਡਾ ਦੇ ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਜ਼ਦੂਰ ਦਿਵਸ ਵੀ ਮਨਾਉਂਦਾ ਹੈ। ਯੂਨਾਈਟਿਡ ਕਿੰਗਡਮ ਅਤੇ ਆਇਰਲੈਂਡ ਵਿਚ ਮਈ ਦਿਵਸ ਮੌਕੇ ਬੈਂਕ ਛੁੱਟੀਆਂ ਮਨਾਉਂਦੇ ਹਨ, ਜੋ ਹਮੇਸ਼ਾ 1 ਮਈ ਨੂੰ ਨਹੀਂ ਹੁੰਦੀਆਂ।