Babushahi Special: ਮਜ਼ਦੂਰ ਦਿਵਸ :ਸੱਪਾਂ ਦੇ ਫੁਕਾਰਿਆਂ ਤੇ ਜ਼ਹਿਰਾਂ ਨੇ ਕੱਟੀ ਕਿਰਤੀ ਕਿਸਾਨਾਂ ਦੇ ਸਾਹਾਂ ਦੀ ਡੋਰ
ਅਸ਼ੋਕ ਵਰਮਾ
ਬਠਿੰਡਾ, 1 ਮਈ2025: ਪੰਜਾਬ ਦੀ ਖੇਤੀ ਤੇ ਆਏ ਸੰਕਟ ਕਾਰਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖੁਦਕਸ਼ੀ ਕਰਨ ਦਾ ਮੁੱਦਾ ਤਾਂ ਅਕਸਰ ਹੀ ਚਰਚਾ ਵਿੱਚ ਰਹਿੰਦਾ ਹੈ ਪਰ ਕਿਰਤੀਆਂ ਤੇ ਕਿਸਾਨਾਂ ਨੂੰ ‘ਮੌਤ’ ਸੱਪ ਦੇ ਫੁੰਕਾਰਿਆਂ ਅਤੇ ਕੀਟਨਾਸ਼ਕਾਂ ਦੇ ਰੂਪ ਵਿੱਚ ਵੀ ਹੋਣੀ ਬਣਕੇ ਟੱਕਰਦੀ ਆ ਰਹੀ ਹੈ। ਕੋਈ ਵੇਲਾ ਸੀ ਜਦ ਮਾਲਵੇ ’ਚ ਰੇਤ ਦੇ ਟਿੱਬੇ ਹੀ ਟਿੱਬੇ ਸਨ ਜਿਨ੍ਹਾਂ ਨੂੰ ਸੱਪਾਂ ਨੇ ਆਪਣਾ ਬਸੇਰਾ ਬਣਾਇਆ ਹੋਇਆ ਸੀ। ਪੰਜਾਬ ’ਚ ਆਏ ਹਰੇ ਇਨਕਲਾਬ ਅਤੇ ਤਰੱਕੀ ਨੇ ਟਿੱਬੇ ਤਾਂ ਪੱਧਰੇ ਕਰ ਦਿੱਤੇ ਅਤੇ ਝਾੜੀਆਂ ਤੇ ਮਲਿ੍ਹਆਂ ਦਾ ਵੱਡੀ ਪੱਧਰ ਤੇ ਖਾਤਮਾ ਹੋਇਆ ਪਰ ਕਾਲੇ ਨਾਗਾਂ ਦੇ ਫੁੰਕਾਰੇ ਨਹੀਂ ਘਟੇ ਹਨ। ਅੱਜ ਵੀ ਮਾਲਵਾ ਪੱਟੀ ਦੇ ਖੇਤਾਂ ਵਿੱਚ ਸੱਪਾਂ ਦੀ ਹਕੂਮਤ ਬਣੀ ਹੋਈ ਹੈ ਜੋ ਗਾਹੇ ਬਗਾਹੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਜਾਂ ਕਿਸਾਨਾਂ ਨੂੰ ਜਿੰਦਗੀ ਖੋਹਣ ਵਾਲਾ ਜਹਿਰੀਲਾ ਡੰਗ ਮਾਰਦੇ ਆ ਰਹੇ ਹਨ।

ਅੱਜ ਮਜ਼ਦੂਰ ਦਿਵਸ ਹੈ ਤਾਂ ਇਸ ਮੌਕੇ ਇਸ ਮਾਮਲੇ ਦੀ ਪੁਣਛਾਣ ਦੌਰਾਨ ਇਹ ਗੰਭੀਰ ਪਹਿਲੂ ਇਹ ਵੀ ਸਾਹਮਣੇ ਆਇਆ ਹੈ। ਇਸ ਵਰਤਾਰੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੰਨਦਾਤਾ ਅਤੇ ਉਸ ਦੇ ਹਮਰਾਹੀ ਖੇਤ ਮਜ਼ਦੂਰ ਨੂੰ ਖਲਕਤ ਦਾ ਢਿੱਡ ਭਰਨ ਲਈ ਸੱਪਾਂ ਦੀ ਸਿਰੀ ਵੀ ਮਿੱਧਣਾ ਪੈਂਦੀ ਹੈ ਅਤੇ ਜਾਣਦਿਆਂ ਹੋਇਆ ਕਿ ਇਹ ਮੌਤ ਦਾ ਸਮਾਨ ਹੈ ਫਿਰ ਵੀ ਜ਼ਹਿਰ ਦੀ ਭਰੀ ਢੋਲੀ ਨੂੰ ਮੋਢਿਆਂ ਤੇ ਚੁੱਕਣਾ ਪੈਂਦਾ ਹੈ। ਸੂਤਰ ਦੱਸਦੇ ਹਨ ਕਿ ਲੰਘੇ ਤਿੰਨ ਦਹਾਕਿਆਂ ਦੌਰਾਨ ਤਕਰੀਬਨ 2ਹਜ਼ਾਰ ਤੋਂ ਪ੍ਰੀਵਾਰ ਅਜਿਹੇ ਹਨ ਜਿੰਨ੍ਹਾਂ ਵਿੱਚ ਕਾਲੇ ਨਾਗਾਂ ਨੇ ਸੱਥਰ ਵਿਛਾਏ ਹਨ। ਰਹਿੰਦੀ ਕਸਰ ਕਪਾਹ ਪੱਟੀ ਵਿੱਚ ਫਸਲਾਂ ਤੇ ਕੀਟਨਾਸ਼ਕਾਂ ਦੇ ਰੂਪ ’ਚ ਛਿੜਕੀਆਂ ਜਾਂਦੀਆਂ ਜਹਿਰਾਂ ਨੇ ਕੱਢ ਦਿੱਤੀ ਹੈ ਜਿੰਨ੍ਹਾਂ ਦਾ ਗੁਲਾਬੀ ਸੁੰਡੀ ਜਾਂ ਚਿੱਟੀ ਮੱਖੀ ਤੇ ਤੇ ਅਸਰ ਤਾਂ ਨਹੀਂ ਹੋਇਆ ਪਰ ਸੈਂਕੜਿਆਂ ਦੀ ਗਿਣਤੀ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰੀਂ ਹਨੇਰਾ ਜਰੂਰ ਕਰ ਗਈਆਂ।
ਕਿਸਾਨ ਆਗੂ ਆਖਦੇ ਹਨ ਕਿ ਕਿੰਨੇ ਦੁੱਖ ਅਤੇ ਸਿਤਮ ਦੀ ਗੱਲ ਹੈ ਕਿ ਇੰਨ੍ਹਾਂ ਲੋਕਾਂ ਨੂੰ ਉਸ ਵਕਤ ਮੌਤ ਦਾ ਮੂੰਹ ਦੇਖਣਾ ਪਿਆ ਹੈ ਜਦੋਂ ਉਹ ਮੁਲਕ ਦਾ ਅੰਨ ਵਾਲਾ ਭੜੋਲਾ ਭਰਨ ਲਈ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਰਹੇ ਸਨ। ਮਾਲਵਾ ਪੱਟੀ ਪੰਜਾਬ ਦਾ ਉਹ ਜਰਖੇਜ਼ ਖਿੱਤਾ ਹੈ ਜਿੱਥੇ ਖੇਤਾਂ ਨੇ ਰੋਜ਼ੀ ਰੋਟੀ ਦੇਣ ਦੇ ਨਾਲ ਨਾਲ ਕਿਸਾਨਾਂ ਅਤੇ ਖੇਤ ਮਜ਼ਦੂਰ ਪ੍ਰੀਵਾਰਾਂ ਦਾ ਕਾਫੀ ਜਾਨੀ ਨੁਕਸਾਨ ਵੀ ਕੀਤਾ ਹੈ। ਕਾਫੀ ਸਮਾਂ ਪਹਿਲਾਂ ਕਰਵਾਏ ਇੱਕ ਅਧਿਐਨ ਦੌਰਾਨ ਵੀ ਇਹੋ ਸਾਹਮਣੇ ਆਇਆ ਸੀ ਕਿ ਪੰਜਾਬ ਵਿੱਚ ਕਿਸਾਨ ਤੇ ਮਜ਼ਦੂਰ ਹਰ ਸਾਲ ਖੇਤੀ ਹਾਦਸਿਆਂ ਤੋਂ ਇਲਾਵਾ ਖੇਤਾਂ ਵਿੱਚ ਕੰਮ ਕਰਦਿਆਂ ਵੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਅਧਿਐਨ ਮੁਤਾਬਕ ਇਨ੍ਹਾਂ ਹਾਦਸਿਆਂ ਜਾਂ ਸੱਪ ਵਗੈਰ ਦੇ ਕੱਟਣ ਕਾਰਨ ਕਮਾਊ ਜੀਅ ਦੇ ਨਕਾਰਾ ਜਾਂ ਮੌਤ ਹੋਣ ਦੀ ਸੂਰਤ ਵਿੱਚ ਪੀੜਤ ਪਰਿਵਾਰ ਨੂੰ ਆਰਥਿਕ ਸੰਕਟ ਚੋਂ ਲੰਘਣਾ ਪੈਂਦਾ ਹੈ ।
ਕਿਸਾਨ ਅਤੇ ਮਜ਼ਦੂਰ ਧਿਰਾਂ ਅਨੁਸਾਰ ਬੇਸ਼ੱਕ ਆਰਥਿਕ ਸੰਕਟ ਕਾਰਨ ਕਿਸਾਨਾਂ ਮਜ਼ਦੂਰਾਂ ਵੱਲੋਂ ਕੀਤੀਆਂ ਗਈਆਂ ਖੁਦਕਸ਼ੀਆਂ ਦਾ ਅੰਕੜਾ ਇਸ ਗਿਣਤੀ ਨਾਲੋਂ ਕਾਫੀ ਵੱਡਾ ਹੈ ਪਰ ਇਸ ਤਰਾਂ ਜਿੰਨ੍ਹਾਂ ਲੋਕਾਂ ਕੋਲ ਮੌਤ ਆਪ ਚੱਲਕੇ ਗਈ ਉਨ੍ਹਾਂ ਦੇ ਪੀੜਤ ਪ੍ਰੀਵਾਰਾਂ ਨੂੰ ਸਹਿਣਾ ਪੈ ਰਿਹਾ ਦਰਦ ਕਿਸੇ ਵੀ ਪੱਖੋਂ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ। ਇਸ ਮਾਮਲੇ ਦਾ ਇਹੋ ਸੁਖਾਵਾਂ ਹੈ ਕਿ ਮੰਡੀ ਬੋਰਡ ਨਿਯਮਾਂ ਤਹਿਤ ਮੁਆਵਜਾ ਦਿੰਦਾ ਹੈ। ਹਾਲਾਂਕਿ ਪਿੱਛੇ ਪ੍ਰੀਵਾਰਾਂ ਨੂੰ ਜਿੰਦਗੀ ਜਿਉਣ ਲਈ ਕੋਈ ਵੀ ਮੁਆਵਜਾ ਨਾਂਕਾਫੀ ਹੁੰਦਾ ਹੈ। ਉਂਜ ਇਸ ਅਰਸੇ ਦੌਰਾਨ ਕਾਫੀ ਲੋਕਾਂ ਨੂੰ ਸੱਪਾਂ ਨੇ ਡੰਗ ਮਾਰਿਆ ਅਤੇ ਕੀਟਨਾਸ਼ਕ ਵੀ ਚੜ੍ਹੇ ਪਰ ਚੰਗੀ ਕਿਸਮਤ ਨਾਲ ਬਚ ਗਏ। ਇਹ ਰਾਹਤ ਭਰੀ ਖਬਰ ਹੈ ਕਿ ਲੋਕਾਂ ’ਚ ਆਈ ਚੇਤਨਾ ਕਾਰਨ ਹੁਣ ਸੱਪ ਦੇ ਕੱਟਣ ਜਾਂ ਕਰੰਟ ਲੱਗਣ ਕਾਰਨ ਲੋਕ ਵਹਿਮਾ ਭਰਮਾਂ ’ਚ ਉਲਝਣ ਦੀ ਥਾਂ ਡਾਕਟਰੀ ਸਹਾਇਤਾ ਲੈਣ ਲੱਗੇ ਹਨ।
ਬਿਜਲੀ ਤੇ ਮਸ਼ੀਨਰੀ ਵੀ ਬਦਸ਼ਗਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਖੇਤੀ ਮਸ਼ੀਨਰੀ ਨੇ ਵੀ ਜਿੱਥੇ ਕਿਸਾਨਾਂ ਨੂੰ ਸੌਖੇ ਕੀਤਾ ਉੱਥੇ ਹੀ ਇਹ ਜਾਨ ਦਾ ਖੌਅ ਬਣੀ ਹੈ ਜਿਸ ਨੇ ਕਿਸਾਨ ਨਕਾਰਾ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਲਟਕਦੀਆਂ ਤਾਰਾਂ ਕਾਰਨ ਲਗਦੀ ਅੱਗ ਹਰ ਸਾਲ ਫਸਲਾਂ ਦਾ ਨੁਕਸਾਨ ਤਾਂ ਕਰਦੀ ਹੀ ਹੈ ਇਨ੍ਹਾਂ ਕਰਕੇ ਕਿਸਾਨਾਂ ਨੂੰ ਲੱਗਿਆ ਬਿਜਲੀ ਦਾ ਕਰੰਟ ਬਦਸ਼ਗਨਾ ਬਣਦਾ ਹੈ ਜਿਸ ਨਾਲ ਘਰ ਵੀ ਉੱਜੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿ ਖੇਤੀ ਕਰਨ ਦੌਰਾਨ ਨੇ ਦੋਵਾਂ ਹਿੱਸਿਆਂ ਨੂੰ ਜਿੱਡੀ ਵੱਡੀ ਆਰਥਿਕ ਅਤੇ ਪ੍ਰੀਵਾਰਕ ਢਾਹ ਲਾਈ ਹੈ ਉਸ ਹਿਸਾਬ ਨਾਲ ਸਰਕਾਰੀ ਸਹਾਇਤਾ ਨਹੀਂ ਦਿੱਤੀ ਜਾਂਦੀ ਹੈ।
ਆਧੁਨਿਕ ਗਾਰੜੂ ਫੜ੍ਹਦੇ ਸੱਪ ਸਰਾਲਾਂ
ਬਠਿੰਡਾ ਦੇ ਸਮਾਜਿਕ ਕਾਰਕੁੰਨ ਅਤੇ ਸੱਪਾਂ ਆਲੇ ਵਜੋਂ ਪ੍ਰਸਿੱਧ ਗੁਰਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਨੇ ਪਿਛਲੇ ਡੇਢ ਦਹਾਕੇ ਦੌਰਾਨ 10 ਹਜ਼ਾਰ ਦੇ ਕਰੀਬ ਸੱਪ ਫੜ੍ਹਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਨ੍ਹਾਂ ਵਿੱਚ ਵੱਡੀ ਗਿਣਤੀ ’ਚ ਕੋਬਰਾ ਸੱਪ ਸ਼ਾਮਲ ਹਨ ਜਿੰਨ੍ਹਾਂ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ ਹੈ। ਗੁਰਵਿੰਦਰ ਨੇ ਦੱਸਿਆ ਕਿ ਉਹ ਸ਼ਹਿਰਾਂ ਅਤੇ ਪਿੰਡਾਂ ਤੋਂ ਵੀ ਸੱਪ ਫੜਕੇ ਲਿਆਏ ਸਨ ਜਿੰਨ੍ਹਾਂ ਨੂੰ ਉਹ ਮਾਰਨ ਦੀ ਥਾਂ ਰੋਹੀ ਬੀਆਬਾਨ ’ਚ ਛੱਡ ਦਿੱਤਾ ਜਾਂਦਾ ਹੈ।