ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੱਲ੍ਹੋ ਆਉਣ ਤੇ ਮੁੱਖ ਮੰਤਰੀ ਦੇ ਵਿਰੋਧ ਦਾ ਐਲਾਨ
ਅਸ਼ੋਕ ਵਰਮਾ
ਰਾਮਪੁਰਾ, 1 ਮਈ 2025 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਉੱਪਰ ਕੀਤੇ ਜਬਰ ਅਤੇ ਹੋਰ ਵੱਖ ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਮੁੱਖ ਮੰਤਰੀ ਵਿਧਾਇਕਾਂ ਅਤੇ ਹੋਰ ਆਗੂਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੀ ਮੀਟਿੰਗ ਪਿੰਡ ਜਿਉਂਦ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਅਤੇ ਐਲਾਨ ਕੀਤਾ ਕਿ 6 ਮਈ ਨੂੰ ਮੁੱਖ ਮੰਤਰੀ ਦਾ ਪਿੰਡ ਬੱਲ੍ਹੋ ਆਉਣ ਤੇ ਤਿੱਖਾ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿਚ ਸੁਬਾ ਆਗੂਆਂ ਨੇ ਪੰਜਾਬ ਸਰਕਾਰ ਦੇ ਜਬਰ ਦੀਆਂ ਕੁਝ ਘਟਨਾਵਾਂ ਸਾਂਝੀਆਂ ਕੀਤੀਆਂ।ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸੇ ਤਰ੍ਹਾਂ ਜਬਰ ਦੀ ਘਟਨਾਵਾਂ ਸਾਂਝੇ ਕਰਦੇ ਕਿਹਾ ਕਿ ਕਿਵੇਂ ਪਿੰਡ ਅਖਾੜਾ (ਲੁਧਿਆਣਾ) ਵਿੱਚ ਕਿਸਾਨਾਂ ਤੇ ਜਬਰ ਕੀਤਾ ਗਿਆ, ਪਿੰਡ ਦੁਨੇਆਣਾ ਅਤੇ ਲੇਲੇਵਾਲਾ ਵਿੱਚ ਬਿਨਾਂ ਪੈਸੇ ਦਿੱਤੇ ਜਾਂ ਨਿਗੂਣਾ ਮੁਆਵਜਾ ਦੇ ਕੇ ਜਮੀਨ ਅਕਵਾਇਰ ਕਰਕੇ ਕਿਸਾਨਾਂ ਤੋਂ ਜਮੀਨ ਖੋਹਣ ਲਈ ਪੁਲਿਸ ਵੱਲੋਂ ਜਬਰ ਕੀਤਾ ਗਿਆ।
ਉਹਨਾਂ ਕਿਹਾ ਕਿ ਪਿੰਡ ਭੂੰਦੜੀ ਵਿੱਚ ਕਿਸਾਨਾਂ ਤੇ ਜਬਰ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਜਬਰ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ/ਆਹੁਦੇਦਾਰਾਂ ਦਾ ਪਿੰਡਾਂ ਵਿੱਚ ਆਉਣ ਤੇ ਸਵਾਲਾਂ ਅਤੇ ਕਾਲੀਆਂ ਝੰਡੀਆਂ ਰਾਹੀਂ ਵਿਰੋਧ ਕੀਤਾ ਜਾਵੇਗਾ। 6 ਮਈ ਨੂੰ ਪਿੰਡ ਬੱਲੋ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੇ ਜਬਰਦਸਤ ਵਿਰੋਧ ਕੀਤਾ ਜਾਵੇਗਾ। ਸਰਕਾਰ ਦੇ ਇਸ ਜਬਰ ਦਾ ਹੋਰ ਪਰਦਾ ਚੁੱਕਣ ਲਈ 4 ਮਈ ਨੂੰ ਜਲੰਧਰ ਵਿਖੇ ਕਿਸਾਨਾਂ, ਮੁਲਾਜ਼ਮਾਂ ਅਤੇ ਦੁਕਾਨਦਾਰਾਂ ਵੱਲੋਂ ਸਾਂਝੀ ਕਨਵੈਂਸ਼ਨ ਕੀਤੀ ਜਾਵੇਗੀ। 13 ਮਈ ਨੂੰ ਸੰਗਰੂਰ, ਬਠਿੰਡਾ ਅਤੇ ਜਗਰਾਓਂ (ਮੋਗਾ) ਵਿਖੇ ਵਿਸ਼ਾਲ ਰੈਲੀਆਂ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅੱਜ ਮਜ਼ਦੂਰ ਦਿਵਸ ਤੇ ਰਾਤ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਕਿਹਾ ਕਿ ਪਿੰਡ ਚੌਕੇ ਦੇ ਆਦਰਸ਼ ਸਕੂਲ ਜੋ ਕਿ ਸਰਕਾਰੀ ਨਿਜੀ, ਭਾਈ ਵਾਲੀ ਸਕੀਮ ਤਹਿਤ ਜਿਸ ਮੈਨੇਜਮੈਂਟ ਵੱਲੋਂ ਚਲਾਇਆ ਜਾ ਰਿਹਾ ਹੈ, ਉਸ ਸਕੂਲ ਦੇ ਵਿਦਿਆਰਥੀਆਂ ਦੀਆਂ ਵਰਦੀਆਂ, ਕਿਤਾਬਾਂ ਅਤੇ ਉਥੋਂ ਦੇ ਟੀਚਿੰਗ ਅਤੇ ਨਾਲ ਟੀਚਿੰਗ ਸਟਾਫ ਦੀਆਂ ਤਰਖਾਹਾਂ ਵਿੱਚ ਮੈਨੇਜਮੈਂਟ ਵੱਲੋ ਵੱਡੇ ਘਪਲੇ ਕਰਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਜਿਸ ਦੀ ਪੜਤਾਲ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕਰਵਾ ਕੇ ਵੀ ਸਹੀ ਪਾਈ ਗਈ ਪਰ ਪੰਜਾਬ ਸਰਕਾਰ ਵੱਲੋਂ ਮੈਨੇਜਮੈਂਟ ਖਿਲਾਫ ਕਾਰਵਾਈ ਕਰਨ ਦੀ ਬਜਾਏ ਇਸ ਦਾ ਵਿਰੋਧ ਕਰ ਰਹੇ ਮਹਿਲਾਂ ਟੀਚਰਾਂ ਨੂੰ 13 ਸਾਲ ਦੀ ਬੱਚੀ ਸਮੇਤ ਜੇਲ੍ਹਾਂ ਚ ਬੰਦ ਕੀਤਾ ਗਿਆ। ਉਹਨਾਂ ਦੀ ਹਮਾਇਤ ਵਿੱਚ ਆਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਅਤੇ ਔਰਤਾਂ ਨੂੰ ਥਾਣੇ ਵਿੱਚ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਜਿਉਂਦ ਦੇ ਜਮੀਨੀ ਮਸਲੇ ਤੇ ਸੁਪਰੀਮ ਕੋਰਟ ਵਿੱਚ ਕਿਸਾਨਾਂ ਦਾ ਪੱਖ ਸ਼ਾਮਿਲ ਨਾ ਕਰਕੇ ਜੰਗੀਰਦਾਰਾਂ ਦੇ ਪੱਖ ਵਿੱਚ ਫੈਸਲਾ ਕਰਨ ਲਈ ਉਹਨਾਂ ਦਾ ਸਾਥ ਦਿੱਤਾ ਅਤੇ ਹੁਣ ਅਦਾਲਤ ਦਾ ਸਹਾਰਾ ਲੈ ਕੇ ਉਹਨਾਂ ਨੂੰ ਪੁਲਿਸ ਦੇ ਜੋਰ ਜਬਰ ਰਾਹੀਂ ਉਹਨਾਂ ਤੋਂ ਜਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ 100 ਸਾਲ ਤੋਂ ਵੱਧ ਸਮੇਂ ਤੋਂ ਜਮੀਨਾਂ ਤੇ ਕਾਬਜ਼ ਕਿਸਾਨਾਂ ਤੋਂ ਜਮੀਨ ਖੋਹ ਕੇ ਜਾਗੀਰਦਾਰਾਂ ਨੂੰ ਦੇਣ ਲਈ ਕਿਸਾਨਾਂ ਤੇ ਝੂਠੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਕੀਤੇ ਹੋਏ ਹਨ ਉੱਥੇ ਇਹਨਾਂ ਪੁਲਿਸ ਕੇਸਾਂ ਦੇ ਸਹਾਰੇ ਕਿਸਾਨਾਂ ਨੂੰ ਜੇਲਾਂ ਵਿੱਚ ਬੰਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਦਾ ਮਸਲਾ ਇੱਕਲੇ ਜਿਉਂਦ ਪਿੰਡ ਦਾ ਨਹੀਂ ਹੈ ਕਿਉਂਕਿ ਜ਼ਮੀਨਾ ਦਾ ਤਾਂ ਸੈਂਕੜੇ ਪਿੰਡਾਂ ਦਾ ਮਸਲਾ ਹੈ ਕਿਉਂਕਿ ਜ਼ਮੀਨਾ ਦੀਆਂ ਕਿਸਮਾਂ ਜਿਵੇਂ ਕਿ ਨਜ਼ੂਲ ਦੀਆਂ ,ਆਹਲਾ ਮਾਲਕੀ, ਜੁਮਲਾ ਮਾਲਕੀ, ਸ਼ਾਮਲਾਤ ਅਤੇ ਪੰਚਾਇਤੀ ਜ਼ਮੀਨਾਂ ਦਾ ਮਸਲਾ ਵੀ ਸ਼ਾਮਲ ਹੈ। ਸਟੇਜ ਦੀ ਕਾਰਵਾਈ ਸੁਬਾ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਚਲਾਈ .