ਪੰਜਾਬ ਸਰਕਾਰ ਵਲੋਂ ਕਿਰਤੀ ਵਰਗ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਜਾਰੀ : ਡਾ. ਰਵਜੋਤ ਸਿੰਘ
- ਕਿਰਤ ਵਿਭਾਗ ਕਿਰਤੀ ਕਾਮਿਆਂ ਨੂੰ ਦੇ ਰਿਹੈ ਭਲਾਈ ਸਕੀਮਾਂ ਦਾ ਲਾਭ
- ਹੋਮ ਫਾਰ ਹੋਮਲੈਸ ਸੁਸਾਇਟੀ ਵਲੋਂ ਘਰ ਬਣਾ ਕੇ ਦੇਣ ਦੀ ਸ਼ਲਾਘਾ, ਕੈਬਨਿਟ ਮੰਤਰੀ ਵਲੋਂ ਇਕ ਘਰ ਬਣਾ ਕੇ ਦੇਣ ਦਾ ਐਲਾਨ
- ਸੁਸਾਇਟੀ ਵਲੋਂ 200 ਦੇ ਕਰੀਬ ਘਰ ਬਣਾ ਕੇ ਦੇਣਾ ਭਲਾਈ ਦੇ ਖੇਤਰ ’ਚ ਨਵੀਂ ਮਿਸਾਲ
ਹੁਸ਼ਿਆਰਪੁਰ, 01 ਮਈ 2025: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਕਿਹਾ ਕਿ ਰਾਜ ਸਰਕਾਰ ਕਿਰਤੀ ਕਾਮਿਆਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕਾਰਜਸ਼ੀਲ ਹੈ ਅਤੇ ਕਿਰਤ ਵਿਭਾਗ ਵਲੋਂ ਪੰਜਾਬ ਲੇਬਰ ਭਲਾਈ ਬੋਰਡ ਦੀ ਸਥਾਪਨਾ ਕਰਕੇ ਕਿਰਤੀ ਕਾਮਿਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਨੇੜਲੇ ਪਿੰਡ ਅੱਜੋਵਾਲ ਵਿਖੇ ਹੋਮ ਫਾਰ ਹੋਮਲੈਸ ਸੁਸਾਇਟੀ ਵਲੋਂ ਕਿਰਤੀ ਕਾਮਿਆਂ ਦੇ ਸਨਮਾਨ ਵਿਚ ਰੱਖੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਹੋਮ ਫਾਰ ਹੋਮਲੈਸ ਸੁਸਾਇਟੀ ਵਲੋਂ ਹੁਣ ਤੱਕ 200 ਦੇ ਕਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਨਾਲ ਭਲਾਈ ਦੇ ਖੇਤਰ ਵਿਚ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ। ਉਨ੍ਹਾਂ ਨੇ ਸੁਸਾਇਟੀ ਨੂੰ ਇਕ ਘਰ ਬਣਾਉਣ ਦਾ ਮੁਕੰਮਲ ਖਰਚਾ ਦੇਣ ਦਾ ਐਲਾਨ ਕਰਨ ਮੌਕੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਅਤੇ ਸਮੁੱਚੀ ਟੀਮ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਅਜਿਹੀਆਂ ਸੰਸਥਾਵਾਂ ਵਲੋਂ ਕਿਰਤੀਆਂ, ਕਾਮਿਆਂ ਅਤੇ ਲੋੜਵੰਦਾਂ ਦੀ ਬਾਂਹ ਫੜਨੀ ਸਮਾਜ ਸੇਵਾ ਵਿਚ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ।
ਕਿਰਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਕਿਰਤੀ ਕਾਮੇ ਬੱਚਿਆਂ ਲਈ ਵਜੀਫ਼ਾ ਸਕੀਮ, ਸ਼ਗਨ ਸਕੀਮ, ਐਕਸ ਗਰੇਸ਼ੀਆ ਸਕੀਮ, ਕਰਜ਼ਾ ਸਕੀਮ, ਐਲ.ਟੀ.ਸੀ. ਸਕੀਮ, ਜਣੇਪਾ ਭਲਾਈ ਸਕੀਮ ਅਤੇ ਇਲਾਜ ਲਈ ਸਕੀਮ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਰਾਹੀਂ ਰਜਿਸਟਰਡ ਉਸਾਰੀ ਕਾਮਿਆਂ ਜਿਨ੍ਹਾਂ ਵਿਚ ਮਿਸਤਰੀ, ਭੱਠਾ ਮਜ਼ਦੂਰ, ਕਾਰਪੇਂਟਰ, ਪਲੰਬਰ, ਵੈਲਡਰ, ਪੀ.ਓ.ਪੀ. ਕਰਨ ਵਾਲੇ ਕਾਮੇ, ਇਲੈਕਟ੍ਰਿਸ਼ਨ, ਪੇਂਟਰ, ਸੜਕ ਉਸਾਰੀ ਵਾਲੇ ਕਾਮੇ ਆਦਿ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਸਾਰੀ ਕਿਰਤੀਆਂ ਦੇ ਹੋਣਹਾਰ ਬੱਚਿਆਂ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਜਿਸ ਦਾ ਉਨ੍ਹਾਂ ਨੂੰ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਬਾਰੇ ਜਾਣਕਾਰੀ ਲਈ ਕਿਰਤ ਵਿਭਾਗ ਦੀ ਵੈਬਸਾਈਟ www.pblabour.gov ਜਾਂ ਹੈਲਪਲਾਈਨ ਨੰਬਰ 1100 ’ਤੇ ਕਾਲ ਕੀਤੀ ਜਾ ਸਕਦੀ ਹੈ। ਜ਼ਿਲ੍ਹੇ ਨਾਲ ਸਬੰਧਤ ਕਿਰਤੀ ਕਾਮਿਆਂ ਨੂੰ ਕਿਰਤ ਵਿਭਾਗ ਦੇ ਦਫ਼ਤਰ ਵਿਚ ਰਜਿਸਟਰੇਸ਼ਨ ਕਰਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮੌਜੂਦਾ ਸਮੇਂ 11750 ਤੋਂ ਵੱਧ ਕਾਮੇ ਰਜਿਸਟਰਡ ਹਨ ਜਿਹੜੇ ਸਮੇਂ-ਸਮੇਂ ਸਿਰ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ।
ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਨੇ ਕੈਬਨਿਟ ਮੰਤਰੀ ਵਲੋਂ ਇਕ ਘਰ ਬਣਾ ਕੇ ਦੇਣ ਦੇ ਐਲਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਅੰਮ੍ਰਿਤਪਾਲ ਸਿੰਘ ਕੈਲੀਫੋਰਨੀਆ ਅਤੇ ਅਮਰੀਕ ਸਿੰਘ ਸੀਹਰਾ ਨਿਊਯਾਰਕ ਵਲੋਂ ਵੀ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਇਕ-ਇਕ ਘਰ ਬਣਾਉਣ ਦੀ ਸ਼ੁਰੂਆਤ ਕਰਵਾਈ ਗਈ। ਕੈਬਨਿਟ ਮੰਤਰੀ ਨੇ ਭਾਰਤੀ ਫੌਜ ਦੇ ਸੇਵਾ ਮੁਕਤ ਜਨਰਲ ਜਸਵੀਰ ਸਿੰਘ ਢਿੱਲੋਂ, ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ, ਸਰਪੰਚ ਰਚਨਾ ਸ਼ਰਮਾ ਸਮੇਤ ਹੋਮ ਫਾਰ ਹੋਮਲੈਸ ਸੁਸਾਇਟੀ ਦੇ ਕਿਰਤੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਬਹਾਦਰ ਸਿੰਘ ਸਨੇਤ, ਬੱਬੂ ਸੰਧੂ, ਲਵਲੀ ਪਹਿਲਵਾਨ, ਗੁਰਸ਼ਰਨ ਠਾਕੁਰ, ਜਪਿੰਦਰ ਪਾਲ, ਗੁਰਪ੍ਰੀਤ ਸਿੰਘ, ਜੋਗਿੰਦਰ ਕੌਰ, ਗੀਤਾ ਰਾਣੀ, ਸਾਈਕਲਿਸਟ ਬਲਰਾਜ ਚੌਹਾਨ, ਬੀਬੀ ਮਹਿੰਦਰ ਕੌਰ ਰਹੀਮਪੁਰ, ਸਰਵਣ ਦਾਸ ਢੋਲਣਵਾਲ ਅਤੇ ਅਮਰਜੀਤ ਸਿੰਘ ਆਦਿ ਵੀ ਮੌਜੂਦ ਸਨ।