← ਪਿਛੇ ਪਰਤੋ
ਕਿਸਾਨਾਂ ਨੂੰ ਨਦੀਨ ਖਤਮ ਕਰਨ ਅਤੇ ਛਟੀਆਂ ਦਾ ਨਬੇੜਾ ਕਰਨ ਦੀ ਅਪੀਲ ਫਾਜ਼ਿਲਕਾ 4 ਅਪ੍ਰੈਲ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ, ਫਾਜ਼ਿਲਕਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਗਾਮੀ ਨਰਮੇ ਦੀ ਫਸਲ ਦੀ ਬਿਹਤਰੀ ਲਈ ਖੇਤਾਂ ਕਿਨਾਰੇ ਉੱਗੇ ਨਦੀਨਾਂ ਨੂੰ ਨਸ਼ਟ ਕਰ ਦੇਣ ਅਤੇ ਜੇਕਰ ਹਾਲੇ ਤੱਕ ਵੀ ਖੇਤਾਂ ਵਿੱਚ ਛਟੀਆਂ ਪਈਆਂ ਹਨ ਤਾਂ ਉਹਨਾਂ ਨੂੰ ਉਥੋਂ ਹਟਾ ਲਿਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫਸਰ ਡਾ ਮਮਤਾ ਲੂਣਾ ਨੇ ਆਖਿਆ ਹੈ ਕਿ ਖੇਤਾਂ ਦੇ ਆਲੇ ਦੁਆਲੇ ਉੱਗੇ ਹੋਏ ਵੱਖ ਵੱਖ ਨਦੀਨਾਂ ਤੇ ਚਿੱਟੀ ਮੱਖੀ ਪਣਪਦੀ ਹੈ ਜੋ ਕਿ ਬਾਅਦ ਵਿੱਚ ਨਰਮੇ ਦੀ ਫਸਲ ਤੇ ਹਮਲਾ ਕਰ ਦਿੰਦੀ ਹੈ। ਜੇਕਰ ਇਸ ਸਮੇਂ ਕਿਸਾਨ ਵੀਰ ਖੇਤਾਂ ਦੇ ਆਲੇ ਦੁਆਲੇ ਅਤੇ ਹੋਰ ਖਾਲੀ ਥਾਵਾਂ ਤੇ ਖੜੇ ਨਦੀਨਾਂ ਨੂੰ ਨਸ਼ਟ ਕਰ ਦੇਣ ਤਾਂ ਇਹ ਚਿੱਟੀ ਮੱਖੀ ਦਾ ਵਾਧਾ ਇੱਥੇ ਹੀ ਰੁਕ ਸਕਦਾ ਹੈ ਤੇ ਆਉਣ ਵਾਲੇ ਨਰਮੇ ਦੀ ਫਸਲ ਤੇ ਇਸ ਤੇ ਹਮਲੇ ਦੀ ਸੰਭਾਵਨਾ ਘੱਟ ਸਕਦੀ ਹੈ। ਇਸੇ ਤਰਾਂ ਉਹਨਾਂ ਨੇ ਕਿਹਾ ਕਿ ਨਰਮੇ ਦੀਆਂ ਛਟੀਆਂ ਦੇ ਵਿੱਚ ਗੁਲਾਬੀ ਸੂੰਡੀ ਦਾ ਲਾਰਵਾ ਲੁਕਿਆ ਹੋਇਆ ਹੈ। ਜੇਕਰ ਹਲੇ ਤੱਕ ਵੀ ਕਿਸੇ ਕਿਸਾਨ ਨੇ ਖੇਤ ਵਿੱਚ ਪਈਆਂ ਨਰਮੇ ਦੀਆਂ ਛਟੀਆਂ ਨੂੰ ਹਿਲਾ ਕੇ ਉਹਨਾਂ ਵਿਚਲਾ ਪਿਊਪਾ ਨਸ਼ਟ ਨਹੀਂ ਕੀਤਾ ਤਾਂ ਤੁਰੰਤ ਇਹਨਾਂ ਛਟੀਆਂ ਨੂੰ ਝਾੜ ਕੇ ਖੇਤ ਵਿੱਚੋਂ ਪਿੰਡ ਲੈ ਆਂਦਾ ਜਾਵੇ ਅਤੇ ਪਿੱਛੇ ਬਚੇ ਕੂੜੇ ਨੂੰ ਡੂੰਘਾ ਦੱਬ ਦਿੱਤਾ ਜਾਵੇ ਜਾਂ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਾਂ ਜੋ ਇਸ ਵਿਚਲਾ ਪਿਊਪਾ ਨਸ਼ਟ ਹੋ ਸਕੇ । ਉਹਨਾਂ ਨੇ ਕਿਹਾ ਕਿ ਜੇਕਰ ਇਹ ਉਪਰਾਲੇ ਤੁਰੰਤ ਕੀਤੇ ਜਾਣ ਤਾਂ ਆਉਣ ਵਾਲੇ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਜਾਂ ਗੁਲਾਬੀ ਸੂੰਡੇ ਦੀ ਹਮਲੇ ਨੂੰ ਸੰਭਾਵਨਾ ਨੂੰ ਵੱਡੇ ਪੱਧਰ ਤੇ ਘਟਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਵੀਰ ਬਲਾਕ ਖੇਤੀਬਾੜੀ ਦਫਤਰਾਂ ਜਾਂ ਸਰਕਲ ਖੇਤੀਬਾੜੀ ਅਫਸਰਾਂ ਨਾਲ ਰਾਬਤਾ ਕਰ ਸਕਦੇ ਹਨ।
Total Responses : 0