ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਬਠਿੰਡਾ ਵਿਖੇ ਖੇਡ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ ,23 ਮਾਰਚ 2025: ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯੋਗ ਅਗਵਾਈ ਹੇਠ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ, ਪੰਜਾਬੀ ਯੂਨੀਵਰਸਿਟ ਖੇਤੀ ਕੇਂਦਰ ਬਠਿੰਡਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਕੈਂਪਸ ਡਾਇਰੈਕਟਰ ਡਾ. ਕਮਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ, ਡਾਇਰੈਕਟਰ ਸਪੋਰਟਸ, ਅਕਾਲ ਗਰੁੱਪ ਆਫ਼ ਇੰਸਟੀਚਿਊਟਸ, ਮਸਤੂਆਣਾ ਸਾਹਿਬ, ਸ੍ਰੀ ਸੁਖਦੇਵ ਸਿੰਘ ਬਾਂਸਲ (ਯੂ.ਕੇ.) ਅਤੇ ਮੈਡਮ ਸੁਖਵਿੰਦਰ ਕੌਰ ਸੁੱਖੀ, ਮਾਊਂਟ ਐਵਰੈਸਟ ਪਰਬਤਾਰੋਹੀ ਸਨ। ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਮਹਿਮਾਨਾਂ ਨੂੰ ਹਾਜ਼ਰੀਨ ਦੇ ਰੂਬਰੂ ਕਰਵਾਇਆ ਅਤੇ ਉਹਨਾਂ ਦਾ ਇਹ ਸਮਾਗਮ ਵਿੱਚ ਪੁੱਜਣ ਤੇ ਧੰਨਵਾਦ ਕੀਤਾ।
ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਉਹਨਾਂ ਦਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜੇ ਰਹਿਣਾ ਵੀ ਜਿੰਦਗੀ ਦਾ ਜ਼ਰੂਰੀ ਪਹਿਲੂ ਹੈ। ਵਿਭਾਗ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਜਿਵੇਂ 100 ਮੀਟਰ, 200 ਮੀਟਰ ਅਤੇ 400 ਮੀਟਰ ਰੇਸ ਵਿੱਚ ਭਾਗ ਲਿਆ ਗਿਆ। ਲੜਕੀਆਂ ਵਲੋਂ ਮਟਕਾ ਰੇਸ, ਲੈਮਨ ਰੇਸ, ਗੋਲਾ ਸੁੱਟਣਾ, ਲੰਬੀ ਸ਼ਾਲ ਅਤੇ ਰੱਸਾਕੱਸੀ ਵਿੱਚ ਭਾਗ ਲਿਆ ਗਿਆ। ਲੜਕਿਆਂ ਵਲੋਂ ਵੀ ਉਪਰੋਕਤ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਗਿਆ। ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਪਹਿਨਾਏ ਗਏ। ਐਥਲਿਟਕ ਮੀਟ ਦੇ ਬੈਸਟ ਐਥਲੀਟਾਂ ਵਿੱਚ ਲੜਕਿਆਂ ਵਿੱਚ ਵਿਦਿਆਰਥੀ ਹੇਮਰਾਜ ਐਮ.ਏ.ਆਨਰਜ਼ ਅੰਗਰੇਜੀ ਅਤੇ ਲੜਕੀਆਂ ਵਿੱਚ ਰਜਿੰਦਰ ਕੌਰ, ਐਮ.ਏ.ਆਨਰਜ਼ ਪੰਜਾਬੀ ਨੇ ਆਪਣਾ ਅਤੇ ਵਿਭਾਗ ਦਾ ਨਾਂ ਰੌਸ਼ਨ ਕੀਤਾ।
ਐਜ਼ੂਕੇਸ਼ਨ ਵਿਭਾਗ ਦੇ ਮੁਖੀ ਡਾ. ਰਮਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਸਟਾਫ਼, ਲਾਅ ਵਿਭਾਗ ਦੇ ਮੁਖੀ ਡਾ. ਅਨੁਪਮ ਆਹਲੂਵਾਲੀਆ ਅਤੇ ਉਹਨਾਂ ਦੇ ਸਟਾਫ਼ ਵਲੋਂ ਵਿਸ਼ੇਸ ਤੌਰ ਤੇ ਸ਼ਰਿਕਤ ਕੀਤੀ ਗਈ। ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਅਧਿਆਪਕਾਂ ਵਲੋਂ ਅਤੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਬਹੁਤ ਹੀ ਮੁਸ਼ੱਕਤ ਨਾਲ ਇਸ ਐਥਲਿਟਕ ਮੀਟ ਵਿੱਚ ਆਪਣਾ ਆਪਣਾ ਰੋਲ ਅਦਾ ਕੀਤਾ। ਵਿਭਾਗ ਦੇ ਅਧਿਆਪਕ ਡਾ. ਰਵਿੰਦਰ ਸਿੰਘ ਸੰਧੂ, ਸ੍ਰ. ਕੰਵਲ ਜਗਜੀਤ ਸਿੰਘ ਸਿੱਧੂ ਅਤੇ ਮੈਡਮ ਇੰਦਰਪ੍ਰੀਤ ਨੇ ਪੂਰਨ ਸਹਿਯੋਗ ਦਿੱਤਾ। ਐਜ਼ੂਕੇਸ਼ਨ ਵਿਭਾਗ ਦੇ ਫ਼ਿਜ਼ੀਕਲ ਇੰਸਟਰਕਟਰ ਸ੍ਰ. ਅਮਰਵੀਰ ਸਿੰਘ ਗਰੇਵਾਲ ਨੇ ਵੀ ਵਿਭਾਗ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਉਣ ਲਈ ਆਪਣਾ ਤਨਦੇਹੀ ਨਾਲ ਪੂਰਨ ਸਹਿਯੋਗ ਦਿੱਤਾ। ਵਿਭਾਗ ਦੇ ਮੁਖੀ, ਡਾ. ਨਵਦੀਪ ਕੌਰ ਨੇ ਅਮਰਵੀਰ ਸ ਸਿੰਘ ਗਰੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸਟੇਜ ਸੰਚਾਲਨ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਗੁਰਮੀਤ ਸਿੰਘ, ਸੁਖਦੀਪ ਕੌਰ (ਇਬਾਦਤ) ਅਤੇ ਤਰਸੇਮ ਸਿੰਘ ਵਲੋਂ ਸਮੇਂ ਸਮੇਂ ਸਿਰ ਆਪਣੇ ਵੱਖਰੇ ਵੱਖਰੇ ਢੰਗ ਨਾਲ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਅਰਥਸ਼ਾਸਤਰ ਵਿਭਾਗ ਦੇ ਵਿਦਿਆਰਥੀ ਨਵਰਾਜ ਸਿੰਘ ਅਤੇ ਉਸਦੇ ਸਾਥੀ ਵਿਦਿਆਰਥੀਆਂ ਨੇ ਵੀ ਸਟੇਜ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਅਰਥਸ਼ਾਸਤਰ ਵਿਭਾਗ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਵੀ ਗਰਾਂਊਂਡ ਵਿੱਚ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ। ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਇਸ ਐਥਲੈਟਿਕ ਮੀਟ ਨੂੰ ਚਾਰ ਚੰਨ ਲਾਏ ਅਤੇ ਵਿਭਾਗ ਦੀ ਪਹਿਲੀ ਐਥਲੈਟਿਕ ਮੀਟ ਸਿਰਾ ਹੋ ਨਿੱਬੜੀ।