ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਬਠਿੰਡਾ ਦੇ ਪੇਂਡੂ ਲੋਕਾਂ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ , 23 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਸਥਿਤ ਦਫਤਰ ਵਿਖੇ ਵਿਧਾਨ ਸਭਾ ਹਲਕੇ ਬਠਿੰਡਾ ਦਿਹਾਤੀ ਦੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ । ਇਸ ਮੌਕੇ ਵੱਖ ਵੱਖ ਔਰਤਾਂ ਅਤੇ ਮਰਦਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਰਾਸ਼ਨ ਕਾਰਡ ਕੱਟੇ ਗਏ ਹਨ ਜਿੰਨਾਂ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ । ਜਿੰਨ੍ਹਾ ਲੋਕਾਂ ਨੂੰ ਕਣਕ ਮਿਲ ਵੀ ਰਹੀ ਹੈ ਉਹ ਵੀ ਸਿਰਫ ਪੰਜ ਕਿਲੋ ਪ੍ਰਤੀ ਜੀਅ ਦੇ ਹਿਸਾਬ ਨਾਲ ਕਦੇ ਕਦਾਈਂ ਦਿੱਤੀ ਜਾਂਦੀ ਹੈ । ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਦੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਤੇ ਜਿੰਨਾ ਨੂੰ ਮਿਲਦੀ ਹੈ ਉਹ ਸਮੇਂ ਸਿਰ ਨਹੀਂ ਮਿਲਦੀ ।ਉਹਨਾਂ ਦੱਸਿਆ ਕਿ ਆਪਣੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਨੇ ਪੈਨਸ਼ਨਾਂ ਦੀ ਰਕਮ 2500 ਰੁਪਏ ਨਹੀਂ ਕੀਤੀ ਹੈ।
ਉਹਨਾਂ ਕਿਹਾ ਕਿ ਸ਼ਗਨ ਸਕੀਮ ਦੇ ਪੈਸੇ ਲੈਣ ਲਈ ਵੀ ਲੋਕ ਦਫ਼ਤਰਾਂ ਨੂੰ ਗੇੜੇ ਕੱਢ ਰਹੇ ਹਨ । ਬਿਜਲੀ ਦੇ ਬਿੱਲ ਹਜ਼ਾਰਾਂ ਰੁਪਏ ਆ ਰਹੇ ਹਨ । ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀਆਂ ਦਾਖਲਾ ਫੀਸਾਂ ਵਧਾ ਦਿੱਤੀਆਂ ਗਈਆਂ ਹਨ । ਪਿੰਡਾਂ ਵਿੱਚ ਸਵਿਧਾ ਸੇਂਟਰ ਬੰਦ ਪਏ ਹਨ । ਕੇਦਰ ਸਰਕਾਰ ਦੀ ਜੋ ਪ੍ਰਧਾਨ ਮੰਤਰੀ ਗ੍ਰਾਮ ਅਵਾਸ ਯੋਜਨਾ ਸਕੀਮ ਹੈ ਉਸ ਦਾ ਪੱਖ ਪਾਤ ਕੀਤਾ ਜਾ ਰਿਹਾ ਹੈ ਤੇ ਅਨੇਕਾਂ ਗਰੀਬ ਲੋਕਾਂ ਦੇ ਜਿੰਨਾ ਦੇ ਮਕਾਨ ਡਿੱਗੇ ਹੋਏ ਹਨ ਉਹਨਾਂ ਦੇ ਨਾਂ ਨਹੀਂ ਲਿਖੇ ਜਾ ਰਹੇ । ਲੋਕਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਗਰੀਬ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ ਜਿੰਨ੍ਹਾਂ ਦਾ ਲਾਭ ਲੋਕਾਂ ਨੂੰ ਮਿਲਦਾ ਸੀ । ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਕੁਝ ਬੰਦ ਕਰ ਦਿੱਤਾ । ਇਸ ਮੌਕੇ ਹਰਗੋਬਿੰਦ ਕੌਰ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਤੁਸੀਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੋ ਤਾਂ ਕਿ ਪੰਜਾਬ ਵਿੱਚ ਮੁੜ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ।ਇਸ ਮੀਟਿੰਗ ਵਿੱਚ ਜਸਪਾਲ ਕੌਰ, ਅਮਨਦੀਪ ਕੌਰ ਰ ਪਵਨਦੀਪ ਕੌਰ , ਗੁਰਦੇਵ ਸਿੰਘ , ਚਰਨਜੀਤ ਕੌਰ , ਕੰਵਲਜੀਤ ਕੌਰ , ਬਲਦੇਵ ਸਿੰਘ ਅਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ ।