ਪਿਛਲੇ ਸਾਲ ਦੀ ਆਖਰੀ ਤਿਮਾਹੀ ਦੌਰਾਨ ਸਲਾਨਾ ਕਰਜ਼ਾ ਯੋਜਨਾ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਐਸ ਏ ਐਸ ਨਗਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਅੱਗੇ ਰਿਹਾ
ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ, 21 ਮਾਰਚ, 2025: ਮੋਹਾਲੀ ਦੇ ਬੈਂਕਾਂ ਦੀ 75ਵੀਂ ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ ਸੀ ਸੀ) ਦੀ ਮੀਟਿੰਗ ਅੱਜ ਡੀ ਏ ਸੀ ਮੋਹਾਲੀ ਵਿਖੇ ਹੋਈ, ਜਿਸਦੀ ਪ੍ਰਧਾਨਗੀ ਸ਼੍ਰੀਮਤੀ ਗੀਤਿਕਾ ਸਿੰਘ ਏ ਡੀ ਸੀ (ਜ), ਐਸ ਏ ਐਸ ਨਗਰ ਨੇ ਕੀਤੀ।
ਮੀਟਿੰਗ ਦੇ ਵੇਰਵੇ ਦਿੰਦਿਆਂ, ਏ ਡੀ ਸੀ ਸ਼੍ਰੀਮਤੀ ਸਿੰਘ ਨੇ ਕਿਹਾ ਕਿ ਦਸੰਬਰ ਤਿਮਾਹੀ ਲਈ ਸਾਲਾਨਾ ਕਰਜ਼ਾ ਯੋਜਨਾ ਦੇ ਟੀਚੇ ਨੂੰ ਪਾਰ ਕਰ ਲਿਆ ਗਿਆ ਹੈ, ਇਹ ਟੀਚਾ ਨਿਰਧਾਰਿਤ 75% ਦੇ ਟੀਚੇ ਦੇ ਮੁਕਾਬਲੇ 88% ਪ੍ਰਾਪਤ ਕੀਤਾ ਗਿਆ ਹੈ। ਜ਼ਿਲ੍ਹੇ ਦੀ ਪ੍ਰਾਪਤੀ ਖੇਤੀਬਾੜੀ ਖੇਤਰ ਵਿੱਚ 80%, ਐਮ ਐਸ ਐਮ ਈ ਖੇਤਰ ਵਿੱਚ 96% ਅਤੇ ਹੋਰ ਤਰਜੀਹੀ ਖੇਤਰ ਵਿੱਚ 65% ਰਹੀ ਹੈ। ਜ਼ਿਲ੍ਹੇ ਦੀ ਸਮੁੱਚੀ ਪ੍ਰਾਪਤੀ 88% ਹੈ। ਜ਼ਿਲ੍ਹੇ ਦਾ ਕਰਜ਼ਾ-ਜਮਾ (ਸੀ ਡੀ) ਅਨੁਪਾਤ 60% ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ 117% ਤੱਕ ਕਾਫ਼ੀ ਸੁਧਰ ਗਿਆ ਹੈ।
ਏ ਡੀ ਸੀ ਗੀਤਿਕਾ ਸਿੰਘ ਨੇ ਬੈਂਕਾਂ ਦੀ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਕਰਦੇ ਹੋਏ ਅਤੇ ਸਮਾਜਿਕ ਸੁਰੱਖਿਆ ਸਕੀਮਾਂ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਬੈਂਕ ਅਰਥ ਵਿਵਸਥਾ ਦੀ ਸਮਰਥਨ ਪ੍ਰਣਾਲੀ ਹਨ ਅਤੇ ਸਮਾਜ ਦੇ ਕਮਜ਼ੋਰ ਵਰਗ ਦੀ ਉੱਨਤੀ ਲਈ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬੈਂਕਾਂ ਤੋਂ ਸੰਜੀਦਾ ਯਤਨਾਂ ਦੀ ਲੋੜ ਹੈ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਐਮ ਕੇ ਭਾਰਦਵਾਜ ਨੇ ਨਿੱਜੀ ਖੇਤਰ ਦੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ 'ਤੇ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸਵੈਨਿਧੀ ਦੇ ਬਕਾਇਆ ਮਾਮਲਿਆਂ 'ਤੇ ਵੀ ਚਰਚਾ ਕੀਤੀ। ਬੈਂਕਾਂ ਨੂੰ ਪ੍ਰਧਾਨ ਮੰਤਰੀ ਸਵੈਨਿਧੀ ਅਧੀਨ ਸਾਰੀਆਂ ਅਰਜ਼ੀਆਂ ਨੂੰ ਨਿਯਮਤ ਅਧਾਰ 'ਤੇ ਨਿਪਟਾਉਣ ਲਈ ਕਿਹਾ ਗਿਆ।
ਗਰਿਮਾ ਬੱਸੀ, ਭਾਰਤੀ ਰਿਜ਼ਰਵ ਬੈਂਕ ਦੀ ਲੀਡ ਜ਼ਿਲ੍ਹਾ ਅਧਿਕਾਰੀ, ਨੇ ਕਿਹਾ ਕਿ ਸਾਰੇ ਬੈਂਕਾਂ ਨੂੰ ਡਿਜੀਟਲਾਈਜ਼ੇਸ਼ਨ ਵਿੱਚ ਰਹਿ ਗਏ ਸਾਰੇ ਖਾਤਿਆਂ ਨੂੰ ਕਵਰ ਕਰਨ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਜ਼ਿਲ੍ਹਾ ਇਸ ਤਿਮਾਹੀ ਵਿੱਚ 100% ਡਿਜੀਟਲਾਈਜ਼ੇਸ਼ਨ ਪ੍ਰਾਪਤ ਕਰ ਸਕੇ। ਉਸਨੇ ਅੱਗੇ ਕਿਹਾ ਕਿ ਬੈਂਕ ਸ਼ਾਖਾਵਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾ ਨੇ ਪੇਂਡੂ ਲੋਕਾਂ ਵਿੱਚ ਵਿੱਤੀ ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਵਧਾਉਣ 'ਤੇ ਵੀ ਧਿਆਨ ਕੇਂਦਰਿਤ ਕੀਤਾ। ਆਰ ਬੀ ਆਈ ਦੁਆਰਾ ਸੀ ਐਫ ਐਲ ਪਹਿਲਕਦਮੀ 'ਤੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਸ਼੍ਰੀ ਪੰਕਜ ਆਨੰਦ (ਡੀਜੀਐਮ, ਪੰਜਾਬ ਨੈਸ਼ਨਲ ਬੈਂਕ) ਨੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਲਗਾਤਾਰ ਯਤਨ ਕਰਨ ਦੀ ਅਪੀਲ ਕੀਤੀ।
ਇਸ ਮੀਟਿੰਗ ਵਿੱਚ ਸ਼ਾਮਲ ਹੋਰ ਮੁੱਖ ਅਧਿਕਾਰੀਆਂ ਵਿੱਚ ਉਪਕਾਰ ਸਿੰਘ (ਸਟੇਟ ਡਾਇਰੈਕਟਰ, ਆਰ ਐਸ ਈ ਟੀ ਆਈ) ਅਤੇ ਸ਼੍ਰੀ ਅਮਨਦੀਪ ਸਿੰਘ (ਡਾਇਰੈਕਟਰ, ਆਰ ਐਸ ਈ ਟੀ ਆਈ, ਮੋਹਾਲੀ) ਦੇ ਨਾਲ-ਨਾਲ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।
2 | 8 | 2 | 8 | 1 | 6 | 7 | 4 |