ਪੀਏਯੂ ਵਲੋਂ ਕਣਕ ਦੀ ਬਿਜਾਈ ਲਈ ਵਿਕਸਿਤ ਨਵੀਂ ਤਕਨਾਲੋਜੀ ਕਿਸਾਨਾਂ ਵਿਚ ਮਕਬੂਲ ਹੋਈ
ਲੁਧਿਆਣਾ, 04 ਮਾਰਚ, 2025 - ਬੀਤੇ ਦਿਨੀਂ ਪੀ ਏ ਯੂ ਨੇ ਗੁਰਦਾਸਪੁਰ ਵਿੱਚ ਪਰਾਲੀ ਦੀ ਸਾਂਭ ਸੰਭਾਲ ਬਾਰੇ ਇੱਕ ਯਾਤਰਾ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਕਣਕ ਦੀ ਬਿਜਾਈ ਲਈ ਨਵੀਨ ਅਤੇ ਘੱਟ ਲਾਗਤ ਵਾਲੀ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਤਕਨਾਲੋਜੀ ਕੰਬਾਈਨ ਹਾਰਵੈਸਟਰ ਨਾਲ ਕਣਕ ਦੀ ਬਿਜਾਈ ਵਾਲੀ ਅਟੈਚਮੈਂਟ ਹੈ ਜਿਸ ਨਾਲ ਝੋਨੇ ਦੀ ਵਾਢੀ ਸਮੇਂ ਕਣਕ ਦੀ ਨਾਲੋ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਇਸ ਸਮਾਰੋਹ ਦਾ ਉਦੇਸ਼ ਇਸ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦੀ ਫਸਲ ਨੂੰ ਪ੍ਰਦਰਸ਼ਿਤ ਕਰਕੇ ਹੋਰ ਕਿਸਾਨਾਂ ਨੂੰ ਇਸ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਸੀ।
ਸੈਮੀਨਾਰ ਵਿੱਚ ਬੋਲਦਿਆਂ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਨਵੀਂ ਤਕਨਾਲੋਜੀ ਨੂੰ ਕਣਕ ਦੀ ਬਿਜਾਈ ਕਰਦੇ ਸਮੇਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਸਭ ਤੋਂ ਸਰਲ ਅਤੇ ਸਭ ਤੋਂ ਕਿਫ਼ਾਇਤੀ ਤਰੀਕਾ ਕਿਹਾ। ਉਨ੍ਹਾਂ ਕਿਹਾ ਕਿ ਇਹ ਤਕਨੀਕ ਪਰਾਲੀ ਸਾੜਨ ਦੇ ਰੁਝਾਨ ਦਾ ਵਿਹਾਰਕ ਹੱਲ ਹੈ। ਡਾ ਗੋਸਲ ਨੇ ਦੱਸਿਆ ਕਿ ਇਹ ਵਿਧੀ ਖੇਤ ਦੀ ਪੂਰੀ ਮਲਚਿੰਗ ਨੂੰ ਯਕੀਨੀ ਬਣਾਉਂਦੀ ਹੈ, ਜੋ ਨਾ ਸਿਰਫ਼ ਕਣਕ ਦੇ ਉਂਗਰਨ ਦੌਰਾਨ ਫਸਲ ਨੂੰ ਗਰਮੀ ਦੇ ਦਬਾਅ ਤੋਂ ਬਚਾਉਂਦੀ ਹੈ, ਸਗੋਂ ਨਦੀਨਾਂ, ਖਾਸ ਕਰਕੇ ਗੁਲੀਡੰਡਾ ਦੇ ਜੰਮ ਨੂੰ ਘੱਟ ਕਰਦੀ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਹਾਜ਼ਰ ਕਿਸਾਨਾਂ ਨੂੰ ਦੱਸਿਆ ਕਿ ਤਕਨਾਲੋਜੀ ਨੂੰ ਤਿੰਨ ਪਿੰਡਾਂ ਦੇ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿਚ ਸਫਲਤਾ ਨਾਲ ਪ੍ਰਯੋਗ ਕੀਤੀ ਹੈ। ਇਨ੍ਹਾਂ ਵਿਚ ਪਿੰਡ ਬਿਧੀਪੁਰ ਦੇ ਸ਼੍ਰੀ ਕਰਮਜੀਤ ਸਿੰਘ, ਪਿੰਡ ਮਸਾਣੀਆਂ ਦੇ ਸ਼੍ਰੀ ਸੁਖਦੇਵ ਸਿੰਘ ਅਤੇ ਪਿੰਡ ਸਹਾਰੀ ਦੇ ਸ਼੍ਰੀ ਪਲਵਿੰਦਰ ਸਿੰਘ ਹਨ। ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਇਸ ਤਕਨਾਲੋਜੀ ਦੀ ਸਫਲਤਾ ਨਾਲ ਵਰਤੋਂ ਕਰਨ ਵਾਲੀਆਂ ਸਾਰੀਆਂ ਧਿਰਾਂ ਸ਼ਾਮਿਲ ਹਨ, ਜਿਨ੍ਹਾਂ ਵਿੱਚ ਪ੍ਰਗਤੀਸ਼ੀਲ ਕਿਸਾਨ, ਤਕਨੀਕੀ ਮਾਹਿਰਾਂ, ਨੀਤੀ ਨਿਰਧਾਰਕਾਂ, ਖੋਜੀਆਂ ਅਤੇ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਲੱਗੇ ਪਸਾਰ ਵਿਗਿਆਨੀ ਸਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਤਕਨਾਲੋਜੀ ਇੱਕੋ ਸਮੇਂ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦੀ ਯੋਗਤਾ ਵਾਲੀ ਹੈ।
ਤਕਨੀਕੀ ਪਹਿਲੂਆਂ ਦੀ ਵਿਆਖਿਆ ਕਰਦੇ ਹੋਏ ਫਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ' ਨਵੀਂ ਬਿਜਾਈ ਅਟੈਚਮੈਂਟ' ਬਾਰੇ ਵਿਸਥਾਰ ਨਾਲ ਦੱਸਿਆ।
ਪੀਏਯੂ ਦੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਇਸ ਤਕਨਾਲੋਜੀ ਦੇ ਵਾਤਾਵਰਣ ਅਤੇ ਆਰਥਿਕ ਫਾਇਦਿਆਂ ਉੱਪਰ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਪਰਾਲੀ ਦੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਦੀ ਹੈ, ਵਾਤਾਵਰਣ ਪ੍ਰਦੂਸ਼ਣ ਨੂੰ ਰੋਕਦੀ ਹੈ ਅਤੇ ਲਾਗਤ ਖਰਚਿਆਂ ਨੂੰ ਕਾਫ਼ੀ ਘਟਾਉਂਦੀ ਹੈ ਅਤੇ ਪਾਣੀ ਦੀ ਬਚਤ ਕਰਦੀ ਹੈ।
ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ ਨੇ ਇਸ ਨਵੀਨ ਤਕਨੀਕ ਦੀ ਵਰਤੋਂ ਵਧਾਉਣ ਲਈ ਕਿਸਾਨਾਂ ਅਤੇ ਖੇਤੀਬਾੜੀ ਅਮਲੇ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿਧੀ ਨੂੰ ਵੱਡੇ ਪੱਧਰ 'ਤੇ ਅਪਣਾਉਣ ਲਈ ਸਹੀ ਮਾਰਗਦਰਸ਼ਨ ਮਹੱਤਵਪੂਰਨ ਸਾਬਿਤ ਹੋਵੇਗਾ।
ਸੈਮੀਨਾਰ ਵਿੱਚ ਖੇਤਾਂ ਦੇ ਦੌਰੇ ਵੀ ਕੀਤੇ ਗਏ ਜਿੱਥੇ ਨਵੀਂ ਤਕਨੀਕ ਦੀ ਵਰਤੋਂ ਕਰਕੇ ਬੀਜੀ ਕਣਕ ਦਾ ਮੁਲਾਂਕਣ ਕੀਤਾ ਗਿਆ। ਭਾਗ ਲੈਣ ਵਾਲੇ ਤਿੰਨ ਕਿਸਾਨਾਂ - ਕਰਮਜੀਤ ਸਿੰਘ, ਸੁਖਦੇਵ ਸਿੰਘ ਅਤੇ ਪਲਵਿੰਦਰ ਸਿੰਘ - ਨੇ ਨਤੀਜਿਆਂ 'ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਵਿਧੀ ਦੀ ਵਰਤੋਂ ਅਤੇ ਪ੍ਰਚਾਰ ਜਾਰੀ ਰੱਖਣ ਦਾ ਵਾਅਦਾ ਕੀਤਾ।
ਕਿਸਾਨਾਂ ਨੇ ਕਿਹਾ ਕਿ ਸ਼ੁਰੂ ਵਿੱਚ ਨਤੀਜੇ ਬਾਰੇ ਅਨਿਸ਼ਚਿਤਤਾਂ ਸੀ, ਪਰ ਹੁਣ ਇਸਦੇ ਲਾਭਾਂ ਬਾਰੇ ਯਕੀਨ ਪੱਕਾ ਹੋਇਆ ਹੈ।
ਕਿਸਾਨਾਂ ਨੇ ਅੱਗੇ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਲਈ ਉਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ।
ਇਸ ਤੋਂ ਬਾਅਦ ਵਿਚਾਰ ਵਟਾਂਦਰਾ ਸੈਸ਼ਨ ਹੋਇਆ, ਜਿੱਥੇ ਭਾਗੀਦਾਰਾਂ ਨੇ ਨਵੀਂ ਤਕਨੀਕ ਬਾਰੇ ਸਵਾਲ ਪੁੱਛੇ । ਤਿੰਨ ਪ੍ਰਗਤੀਸ਼ੀਲ ਕਿਸਾਨਾਂ ਨੂੰ ਤਕਨਾਲੋਜੀ ਦੀ ਸਫਲਤਾ ਲਈ ਸਨਮਾਨਿਤ ਕੀਤਾ ਗਿਆ।
ਡਾ. ਆਰ.ਐਸ. ਬੱਲ, ਸੀਨੀਅਰ ਮੈਨੇਜਰ (ਐਫ.ਏ.ਐਸ.ਸੀ. ਗੁਰਦਾਸਪੁਰ), ਅਤੇ ਉਨ੍ਹਾਂ ਦੀ ਟੀਮ ਨੇ ਸੈਮੀਨਾਰ ਦਾ ਬਾਖੂਬੀ ਆਯੋਜਨ ਕੀਤਾ। ਡਾ. ਐਸ.ਐਸ. ਔਲਖ, ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ. ਗੁਰਦਾਸਪੁਰ ਨੇ ਹਾਜ਼ਰੀਨ ਦਾ ਸਵਾਗਤ ਕੀਤਾ, ਜਦੋਂ ਕਿ ਡਾ. ਆਰ.ਐਸ. ਬੱਲ ਨੇ ਧੰਨਵਾਦ ਕੀਤਾ। ਸੈਮੀਨਾਰ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਤਰਨਤਾਰਨ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀਆਂ ਨੇ ਵੀ ਹਿੱਸਾ ਲਿਆ।