ਦੋ ਰੋਜ਼ਾ ਹੋਲਾ ਮਹੱਲਾ ਵਿਰਾਸਤੀ ਖੇਡਾਂ: ਪ੍ਰਬੰਧਾਂ ਨੂੰ ਦਿੱਤੀਆ ਜਾ ਰਹੀਆਂ ਅੰਤਿਮ ਛੋਹਾਂ, ਖਿਡਾਰੀਆਂ ਲਈ ਕੀਤੇ ਜਾ ਰਹੇ ਹਨ ਢੁੱਕਵੇ ਪ੍ਰਬੰਧ
ਦਰਸ਼ਨ ਗਰੇਵਾਲ
- ਘੋੜ ਦੌੜ, ਗੱਤਕਾ, ਤੀਰ ਅੰਦਾਜੀ, ਟੈਂਟ ਪੈਗਿੰਗ, ਕਵੀਸ਼ਰੀ ਤੇ ਦਸਤਾਰ ਬੰਦੀ ਮੁਕਾਬਲਿਆਂ ਲਈ ਨੌਜਵਾਨ ਲੜਕੇ/ਲੜਕੀਆਂ 'ਚ ਭਾਰੀ ਉਤਸ਼ਾਹ
ਰੂਪਨਗਰ, 4 ਮਾਰਚ: ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਰਾਸਤੀ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਚ 11 ਤੇ 12 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਹੀਆਂ ਹਨ। ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਲੜਕੇ/ਲੜਕੀਆਂ ਵਿੱਚ ਭਾਰੀ ਉਤਸ਼ਾਹ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਵਿਰਾਸਤੀ ਖੇਡਾਂ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਹੀਆਂ ਵਿਰਾਸਤੀ ਖੇਡਾਂ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਦੀ ਝਲਕ ਨਜ਼ਰ ਆਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੁਨਰ ਅਤੇ ਪੰਜਾਬੀਆਂ ਦੀ ਆਨ ਬਾਨ ਦੀ ਝਲਕ ਦਿਖਾਈ ਦੇਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਗੱਤਕਾ, ਟੈਂਟ ਪੈਗਿੰਗ, ਘੋੜ ਦੋੜ ਤੇ ਆਰਚਰੀ (ਤੀਰ ਅੰਦਾਜੀ) ਦੇ ਮੁਕਾਬਲੇ ਹੋਣਗੇ। ਪੰਜਾਬ ਦੇ ਸੱਭਿਆਚਾਰਕ ਦੀਆਂ ਪ੍ਰਤੀਕ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਖਾਲਸੇ ਦੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਢਾਡੀ ਅਤੇ ਕਵੀਸ਼ਰੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਨੌਜਵਾਨਾਂ ਲਈ ਦਸਤਾਰ ਬੰਦੀ ਮੁਕਾਬਲੇ ਕਰਵਾਉਣ ਦਾ ਵਿਸੇਸ਼ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਠਹਿਰਣ ਤੇ ਖਾਣ ਪੀਣ ਦੀ ਢੁੱਕਵੀਂ ਵਿਵਸਥਾ ਕੀਤੀ ਗਈ ਹੈ।
ਇਸ ਮੀਟਿੰਗ ਵਿੱਚ ਆਰਟੀਓ ਗੁਰਵਿੰਦਰ ਸਿੰਘ ਜੌਹਲ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਐਸਡੀਐਮ ਨੰਗਲ ਅਨਮਜੋਤ ਕੌਰ, ਇੰਟਰਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਹਰਜੀਤਪਾਲ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।