ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਵੱਲੋਂ ਪੰਜਾਬ ਪੁਲਿਸ ਨਾਲ ਮਿਲ ਕੇ ਫਲੈਗ ਮਾਰਚ
ਪਟਿਆਲਾ, 4 ਮਾਰਚ 2025 - ਰੈਪਿਡ ਐਕਸ਼ਨ ਫੋਰਸ ਦੀ 194 ਬਟਾਲੀਅਨ ਦੀ ਟੁਕੜੀ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਫਲੈਗ ਮਾਰਚ ਕੀਤਾ। ਕਮਾਂਡੈਂਟ ਕਿਸ਼ੋਰ ਕੁਮਾਰ ਦੇ ਨਿਰਦੇਸ਼ਾਂ ’ਤੇ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਫੋਰਸ ਵੱਲੋਂ ਥਾਣਾ ਕੋਤਵਾਲੀ ਅਤੇ ਥਾਣਾ ਸਿਵਲ ਲਾਈਨ ਦੇ ਥਾਣਾ ਮੁਖੀਆਂ ਅਤੇ ਪੁਲਿਸ ਟੀਮਾਂ ਦੇ ਸਹਿਯੋਗ ਨਾਲ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ।
ਪਟਿਆਲਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ ਦੇ ਆਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਦਾ ਸਹਿਯੋਗ ਕਰਦੇ ਹੋਏ ਸ਼ਹਿਰ ਦੇ ਬੇਹੱਦ ਸੰਵੇਦਨਸ਼ੀਲ ਖੇਤਰਾਂ ਵਿੱਚ ਫੋਰਸ ਨਾਲ ਫਲੈਗ ਮਾਰਚ ਕਰਦੇ ਹੋਏ ਜਵਾਨਾਂ ਨੇ ਖੇਤਰ ਦੇ ਪ੍ਰਮੁੱਖ ਵਿਅਕਤੀਆਂ ਅਤੇ ਸਮਾਜ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਖੇਤਰ ਦੇ ਸਮਾਜਿਕ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਥਾਨਕ ਸਮਾਜ ਨਾਲ ਸਹਿਯੋਗ ਵਧਾਉਣ ਲਈ ਸੰਪਰਕ ਬਣਾਇਆ।
ਇਸ ਮਾਰਚ ਦਾ ਉਦੇਸ਼ ਖੇਤਰ ਵਿਚ ਅਮਨ-ਚੈਨ ਬਣਾਈ ਰੱਖਣ, ਸੰਵੇਦਨਸ਼ੀਲ ਖੇਤਰਾਂ ਦੀ ਜਾਣਕਾਰੀ ਇਕੱਠੀ ਕਰਨੀ ਅਤੇ ਅਸਮਾਜਿਕ ਤੱਤਾਂ ’ਤੇ ਨਜ਼ਰ ਰੱਖਣੀ ਸੀ।