ਕਿਸ਼ਤਾਂ ਜਮ੍ਹਾਂ ਕਰਵਾਉਣ ਤੋਂ ਖੁੰਝੇ ਅਲਾਟੀ ਆਪਣੇ ਬਕਾਇਆਂ ਦੇ ਭੁਗਤਾਨ ਲਈ ਯਕਮੁਸ਼ਤ ਨਿਪਟਾਰਾ ਸਕੀਮ ਦਾ ਲਾਭ ਲੈਣ-ਮਨੀਸ਼ਾ ਰਾਣਾ
- ਪੀਡੀਏ ਦੇ ਅਲਾਟੀਆਂ ਨੂੰ ਬਿਨਾਂ ਕਿਸੇ ਜੁਰਮਾਨੇ ਤੋਂ ਸਕੀਮ ਦੇ ਵਿਆਜ ਸਮੇਤ ਬਕਾਏ ਦਾ ਯਕਮੁਸ਼ਤ ਭੁਗਤਾਨ ਕਰਨ ਲਈ ਸੁਨਹਿਰੀ ਮੌਕਾ
ਪਟਿਆਲਾ, 4 ਮਾਰਚ 2025 - ਪਟਿਆਲਾ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ, ਪਟਿਆਲਾ ਦੇ ਮੁੱਖ ਪ੍ਰਬੰਧਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਪੀ.ਡੀ.ਏ. ਦੇ ਅਲਾਟੀਆਂ ਲਈ ਐਮਨੈਸਟੀ ਸਕੀਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਲਾਟੀ ਆਪਣੀਆਂ ਬਕਾਇਆ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਸਕੇ ਜਾਂ ਨਿਰਧਾਰਤ ਸਮੇਂ-ਸੀਮਾ ਅੰਦਰ ਉਸਾਰੀ ਮੁਕੰਮਲ ਨਹੀਂ ਕਰ ਸਕੇ ਜਾਂ ਨਾਨ ਕੰਸਟਰੱਕਸ਼ਨ ਫੀਸ ਜਮ੍ਹਾਂ ਨਹੀਂ ਕਰਵਾ ਸਕੇ, ਜਾਂ ਜਿਨ੍ਹਾਂ ਅਲਾਟੀਆਂ ਵੱਲੋਂ ਕਿਸ਼ਤਾਂ ਦੀ ਪੂਰੀ ਰਕਮ ਜਮਾਂ ਕਰਵਾ ਦਿੱਤੀ ਗਈ ਹੈ ਪਰ ਉਹ ਦੇਰੀ ਨਾਲ ਜਮਾਂ ਹੋਣ ਕਾਰਣ ਦੇਰੀ ਕੰਡੋਨ ਨਹੀਂ ਹੋ ਸਕੀ, ਉਹ ਆਪਣੇ ਬਕਾਇਆਂ ਦੇ ਭੁਗਤਾਨ ਲਈ ਯਕਮੁਸ਼ਤ ਨਿਪਟਾਰਾ ਸਕੀਮ ਦਾ ਲਾਭ ਲੈਣ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਅਜਿਹੇ ਅਲਾਟੀਆਂ ਨੂੰ ਬਿਨਾਂ ਕਿਸੇ ਜੁਰਮਾਨੇ ਤੋਂ ਸਕੀਮ ਦੇ ਵਿਆਜ ਸਮੇਤ ਆਪਣੇ ਬਕਾਏ ਦਾ ਯਕਮੁਸ਼ਤ ਭੁਗਤਾਨ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਨ ਉਸਾਰੀ ਫੀਸ ਦੇ ਬਕਾਏ ਵਿਚ 50 ਫੀਸਦੀ ਛੋਟ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪੁੱਡਾ/ਪੀ.ਡੀ.ਏ. ਪਟਿਆਲਾ ਅਧੀਨ ਆਉਂਦੀਆਂ ਸਾਰੀਆਂ ਸਕੀਮਾਂ ਵਿਚ ਅਲਾਟ ਕੀਤੇ ਗਏ ਸੰਸਥਾਗਤ ਸਾਈਟਾਂ, ਇੰਸਟੀਚਿਊਸ਼ਨਲ ਸਾਈਟਸ, ਹਸਪਤਾਲ ਸਾਈਟਾਂ, ਉਦਯੋਗਿਕ ਪਲਾਟਾਂ ਦੇ ਮਾਮਲੇ ਵਿਚ ਅਲਾਟਮੈਂਟ ਕੀਮਤ/ ਨਿਲਾਮੀ ਕੀਮਤ ਦੀ 2.5 ਫੀਸਦੀ ਦੀ ਦਰ ਨਾਲ ਐਕਸਟੈਂਸ਼ਨ ਫੀਸ ਲਈ ਜਾਵੇਗੀ ਅਤੇ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ 3 ਸਾਲ ਦੀ ਮਿਆਦ ਦਿੱਤੀ ਜਾਵੇਗੀ।
ਇਹ ਸਕੀਮ ਪੁੱਡਾ, ਪੀ.ਡੀ.ਏ. ਪਟਿਆਲਾ ਵਲੋਂ ਨਿਲਾਮ ਜਾਂ ਅਲਾਟ ਕੀਤੀਆਂ ਗਈਆਂ ਸਾਰੀਆਂ ਪ੍ਰਾਪਰਟੀਆਂ 'ਤੇ ਲਾਗੂ ਹੋਵੇਗੀ।ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਅਲਾਟੀ ਮਿਤੀ 01 ਮਾਰਚ 2025 ਤੋਂ 30. ਜੂਨ 2025 ਤੱਕ ਪੀ.ਡੀ.ਏ. ਪਟਿਆਲਾ ਦੇ ਅਸਟੇਟ ਅਫ਼ਸਰ ਰਿਚਾ ਗੋਇਲ ਕੋਲ ਬਿਨੈਪੱਤਰ (ਨਿਰਧਾਰਤ ਪ੍ਰਫਾਰਮਾ- ਫਾਰਮ-ਏ ਅਨੁਸਾਰ) ਦੇ ਸਕਦੇ ਹਨ ਜਿਸ ਵਿੱਚ ਬਿਨੈਪੱਤਰ ਵੱਲੋਂ ਆਪਣਾ ਵਟਸਐਪ ਨੰਬਰ ਤੇ ਈਮੇਲ ਵੀ ਦਰਜ ਕੀਤੀ ਜਾਵੇਗੀ। ਬਿਨੈਪੱਤਰ ਪ੍ਰਾਪਤ ਹੋਣ ਤੇ ਅਸਟੇਟ ਦਫਤਰ ਵੱਲੋਂ ਬਿਨੈਕਾਰ/ਅਲਾਟੀ ਨੂੰ ਬਣਦੀ ਬਕਾਇਆ ਰਕਮ ਬਾਰੇ ਵਟਸਐਪ ਨੰਬਰ ਤੇ ਈਮੇਲ ਉੱਪਰ ਸੂਚਿਤ ਕੀਤਾ ਜਾਵੇਗਾ।
ਉਕਤ ਸੂਚਨਾ ਪ੍ਰਾਪਤ ਹੋਣ ਤੋਂ ਤਿੰਨ ਮਹੀਨੇ ਦੇ ਅੰਦਰ-ਅੰਦਰ ਬਿਨੈਕਾਰ ਪੂਰੀ ਰਕਮ ਯਕਮੁਸ਼ਤ (ਲੰਮਸਮ) ਜਮ੍ਹਾਂ ਕਰਵਾਉਣ ਦਾ ਪਾਬੰਦ ਹੋਵੇਗਾ ਅਤੇ ਜੇਕਰ ਪੁੱਡਾ/ਪੀ.ਡੀ.ਏ. ਵਿਰੁੱਧ ਕੋਈ ਕੋਰਟ ਕੇਸ ਕੀਤਾ ਗਿਆ ਹੈ ਤਾਂ ਉਸਨੂੰ ਵਾਪਸ ਲੈਣ ਸਬੰਧੀ ਕੋਰਟ ਦੇ ਫੈਸਲੇ ਦੀ ਸਰਟੀਫਾਈਡ ਕਾਪੀ ਸਮੇਤ ਐਫੀਡੇਵਿਟ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰਾਂ ਇਹ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਦਾ ਇਕ ਬਹੁਤ ਉੱਤਮ ਉਪਰਾਲਾ ਹੈ ਜੋ ਕਿ ਆਮ ਜਨਤਾ ਲਈ ਬਹੁਤ ਲਾਹੇਵੰਦ ਮੌਕਾ ਹੈ। ਸਮੇਂ ਸਿਰ ਲਾਭ ਨਾਂ ਲੈਣ ਦੀ ਸੂਰਤ ਵਿੱਚ ਇਸ ਸਕੀਮ ਦਾ ਲਾਭ ਉਪਲਬਧ ਨਹੀਂ ਹੋਵੇਗਾ ਅਤੇ ਮੌਜੂਦਾ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜੇਕਰ ਕੋਈ ਜਾਣਕਾਰੀ ਲੋੜੀਂਦੀ ਹੈ ਤਾਂ ਬਿਨੈਕਾਰ ਕਿਸੇ ਵੀ ਦਫਤਰੀ ਕੰਮ ਵਾਲੇ ਦਿਨ ਦਫਤਰ ਵਿਖੇ ਹਾਜਰ ਹੋ ਕੇ ਪੀ.ਡੀ.ਏ. ਪਟਿਆਲਾ ਦੇ ਅਸਟੇਟ ਅਫ਼ਸਰ ਰਿਚਾ ਗੋਇਲ ਤੋਂ ਜਾਂ ਅਸਟੇਟ ਦਫਤਰ ਦੇ ਕਮਰਾ ਨੰਬਰ-15 ਤੋਂ ਪ੍ਰਾਪਤ ਕਰ ਸਕਦੇ ਹਨ।ਵਿਸਤ੍ਰਿਤ ਨਿਯਮ, ਸ਼ਰਤਾਂ ਅਤੇ ਬਿਨੈ ਕਰਨ ਦੀ ਪ੍ਰਕਿਰਿਆ ਦੀ ਵਧੇਰੇ ਜਾਣਕਾਰੀ ਪੀਡੀਏਪਟਿਆਲਾ ਡਾਟ ਇਨ www.pdapatiala.in ਉਪਰ ਉਪਲਬਧ ਹੈ। ਇਸ ਲਈ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਸਮੇਂ ਸਿਰ ਉਠਾਇਆ ਜਾਵੇ।