ਪਹਿਲੇ ਸਰਬ ਭਾਰਤੀ ਪੁਲਿਸ ਕਬੱਡੀ ਕਲੱਸਟਰ 2024-25 ਦੀਆਂ ਤਿਆਰੀਆਂ ਮੁਕੰਮਲ: ਇੰਦਰਬੀਰ ਸਿੰਘ
- ਏ.ਡੀ.ਜੀ.ਪੀ. ਸਟੇਟ ਆਰਮਡ ਪੁਲਿਸ ਐਮ.ਐਫ.ਫਾਰੂਕੀ ਵਲੋਂ 3 ਮਾਰਚ ਨੂੰ ਕੀਤਾ ਜਾਵੇਗਾ ਉਦਘਾਟਨ
- 30 ਪੁਲਿਸ ਫੋਰਸਾਂ ਦੇ 2000 ਦੇ ਕਰੀਬ ਖਿਡਾਰੀ ਤੇ ਅਧਿਕਾਰੀ ਲੈਣਗੇ ਭਾਗ
ਜਲੰਧਰ, 02 ਮਾਰਚ 2025: ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਹਿਲਾ ਸਰਬ ਭਾਰਤੀ ਪੁਲਿਸ ਕਬੱਡੀ ਕਲੱਸਟਰ 2024-25 ਮਿਤੀ 03-03-2025 ਤੋਂ 06-03-2025 ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਪਹਿਲੇ ਸਰਬ ਭਾਰਤੀ ਪੁਲਿਸ ਕਬੱਡੀ ਕਲੱਸਟਰ ਦਾ ਰਸਮੀ ਉਦਘਾਟਨ ਏ.ਡੀ.ਜੀ.ਪੀ. ਸਟੇਟ ਆਰਮਡ ਪੁਲਿਸ ਐਮ.ਐਫ.ਫਾਰੂਕੀ ਵਲੋਂ 3 ਮਾਰਚ ਨੂੰ ਕੀਤਾ ਜਾਵੇਗਾ।
ਮਾਹਲ ਨੇ ਅੱਗੇ ਦੱਸਿਆ ਕਿ ਪਹਿਲੇ ਸਰਬ ਭਾਰਤੀ ਪੁਲਿਸ ਕਬੱਡੀ ਕਲੱਸਟਰ 2024-25 ਤਹਿਤ ਕਬੱਡੀ, ਜਿਮਨਾਸਟਿਕ ਅਤੇ ਖੋ-ਖੋ ਦੇ ਖੇਡ ਮੁਕਾਬਲੇ ਪੀ.ਏ.ਪੀ ਹੈੱਡਕੁਆਟਰ, ਜਲੰਧਰ ਅਤੇ ਫੈਨਸਿੰਗ ਦੇ ਮੁਕਾਬਲੇ ਲਵਲੀ ਪ੍ਰੋਫੈਕਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਦੇਸ਼ ਭਰ ਦੀਆਂ 30 ਪੁਲਿਸ ਫੋਰਸਾਂ ਦੀਆਂ ਟੀਮਾਂ ਦੇ 2000 ਦੇ ਕਰੀਬ ਖਿਡਾਰੀ/ਅਧਿਕਾਰੀ ਭਾਗ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੀ.ਏ.ਪੀ. ਹੈਡਕੁਆਰਟਰ, ਜਲੰਧਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਲਈ ਡੀ.ਆਈ.ਜੀ. ਪ੍ਰਸ਼ਾਸਨ ਪੀਏਪੀ ਇੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੀ.ਆਈ.ਜੀ. ਇੰਦਰਬੀਰ ਸਿੰਘ ਵਲੋਂ ਅੱਜ ਮੀਟਿੰਗ ਵੀ ਕੀਤੀ ਗਈ, ਜਿਸ ਦੌਰਾਨ ਵਲੋਂ ਆਈਆਂ ਟੀਮਾਂ ਨੂੰ ਜੀ ਆਇਆਂ ਆਖਿਆ ਗਿਆ।