"ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਪਹੁੰਚਣ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ ਵੱਖ-ਵੱਖ ਸਹੂਲਤਾਂ : ਅਮਰਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2025: ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਧਾਰਮਿਕ ਲਹਿਰ ਤੇ ਪੰਜਾਬੀ ਸੱਭਿਅਤਾ ਨਾਲ ਜੋੜਨ ਲਈ ਪਿਛਲੇ ਲੰਮੇ ਸਮੇਂ ਤੋਂ ਜਤਨਸ਼ੀਲ ਮਹਿਤਾ ਪਰਿਵਾਰ ਵੱਲੋਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੂਸਰੀ ਵਿਸ਼ਾਲ ਇਤਿਹਾਸਿਕ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦੇ ਇੰਤਜਾਮ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਏ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 6 ਮਾਰਚ ਤੋਂ 12 ਮਾਰਚ ਤੱਕ ਬਠਿੰਡਾ ਦੇ ਸ਼੍ਰੀ ਵੈਸ਼ਨੋ ਮਾਤਾ ਮੰਦਿਰ, ਪਟੇਲ ਨਗਰ ਦੇ ਨੇੜੇ 20 ਏਕੜ ਜਗ੍ਹਾ 'ਤੇ ਕਰਵਾਈ ਜਾ ਰਹੀ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਵੱਧ ਤੋਂ ਵੱਧ ਤਾਦਾਦ ਵਿੱਚ ਪਹੁੰਚ ਕੇ ਕਥਾ ਦਾ ਆਨੰਦ ਲੈਣ।
ਉਨ੍ਹਾਂ ਦੱਸਿਆ ਕਿ ਉਕਤ ਕਥਾ ਲਈ ਮੁਫ਼ਤ ਪਾਸ ਦੀ ਵਿਵਸਥਾ ਕੀਤੀ ਗਈ ਹੈ ਅਤੇ ਜੇਕਰ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਸ ਨਹੀਂ ਮਿਲੇ ਹਨ, ਤਾਂ ਉਨ੍ਹਾਂ ਲਈ ਵੀ ਸਪੈਸ਼ਲ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਲਈ ਅਲੱਗ ਤੋਂ ਤਿੰਨ ਗੇਟ ਬਣਾਏ ਗਏ ਹਨ, ਜਿੱਥੋਂ ਸ਼ਰਧਾਲੂ ਕਥਾ ਵਾਲੀ ਜਗ੍ਹਾ ਵਿੱਚ ਪਹੁੰਚ ਕੇ ਕਥਾ ਸੁਣ ਸਕਦੇ ਹਨ, ਜਿਨ੍ਹਾਂ ਨੂੰ ਪਾਸ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਨੰਨ੍ਹੇ ਮੁੰਨੇ ਬੱਚਿਆਂ ਲਈ ਬੈਂਡ ਦੀ ਵਿਵਸਥਾ ਕੀਤੀ ਗਈ ਹੈ, ਜਿਹੜੇ ਸ਼ਰਧਾਲੂ ਆਪਣੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਂਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਬੈਂਡ ਦਿੱਤੇ ਜਾਣਗੇ, ਜਿਸ ਦਾ ਡੈਮੋ ਵੀ ਦਿੱਤਾ ਜਾਵੇਗਾ, ਤਾਂ ਜੋ ਬੱਚਾ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਹੋਵੇ, ਉਸ ਨੂੰ ਟਰੈਕ ਕੀਤਾ ਜਾ ਸਕੇ, ਜਿਸ ਨਾਲ ਬੱਚਿਆਂ ਦੇ ਗੁਮ ਹੋਣ ਦੀ ਸ਼ਿਕਾਇਤ ਵੀ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ 5 ਮਾਰਚ ਦੀ ਸਵੇਰੇ 11 ਵਜੇ ਪੋਸਟ ਵਿੱਚ ਬਾਜ਼ਾਰ ਵਿੱਚ ਸਥਿਤ ਸ਼੍ਰੀ ਪ੍ਰਾਚੀਨ ਹਨੁੰਮਾਨ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਮਾਲ ਰੋਡ ਤੋਂ ਹੁੰਦੇ ਹੋਏ ਸ਼੍ਰੀ ਹਨੁੰਮਾਨ ਜੀ ਦੀ ਮੂਰਤੀ ਦੇ ਨੇੜੇ ਸਮਾਪਤ ਹੋਵੇਗੀ। ਉਕਤ ਸ਼ੋਭਾ ਯਾਤਰਾ ਵਿੱਚ ਇਸ ਵਾਰ ਪੰਜਾਬੀ ਸੱਭਿਅਤਾ ਨੂੰ ਦਰਸਾਉਣ ਵਾਲੀਆਂ ਝਾਕੀਆਂ ਹੋਣਗੀਆਂ ਅਤੇ ਪੰਜਾਬੀ ਤੇ ਧਾਰਮਿਕ ਪੋਸ਼ਾਕਾਂ ਵਿੱਚ ਬੱਚੇ ਵੀ ਭਾਗ ਲੈਣਗੇ। ਸ਼ੋਭਾ ਯਾਤਰਾ ਵਿੱਚ ਵੱਡੀ ਤਾਦਾਦ ਵਿੱਚ ਮਹਿਲਾਵਾਂ ਕਲਸ਼ ਲੈ ਕੇ ਚੱਲਣਗੀਆਂ, ਉੱਥੇ ਹੀ ਇਸ ਯਾਤਰਾ ਵਿੱਚ ਰੱਥ, ਹਾਥੀ, ਘੋੜੇ ਸ਼ਾਮਿਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਤਿੰਨ ਦਿਨ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਆਖਰੀ ਚਾਰ ਦਿਨ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲਿਆਂ ਵੱਲੋਂ ਆਪਣੇ ਮੁਖਾਰਬਿੰਦ ਰਾਹੀਂ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ।
ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਇਸ ਵਿਸ਼ਾਲ ਤੇ ਇਤਿਹਾਸਿਕ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਸ਼ਰਧਾਲੂਆਂ ਲਈ ਰਹਿਣ, ਖਾਣ ਪੀਣ ਦੀ ਮੁਫ਼ਤ ਵਿਵਸਥਾ ਕੀਤੀ ਗਈ ਹੈ, ਜਦੋਂ ਕਿ ਟੁਆਇਲੈਟ ਦੀ ਵਿਵਸਥਾ ਸਮੇਤ ਮੋਬਾਈਲ ਚਾਰਜਿੰਗ ਦੀ ਸੁਵਿਧਾ ਵੀ ਸ਼ਰਧਾਲੂਆਂ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਧਾਰਮਿਕ ਪ੍ਰੋਗ੍ਰਾਮ ਦੇ ਨੇੜੇ ਸਿਹਤ ਸੁਵਿਧਾ ਲਈ ਐਂਬੂਲੈਂਸਾਂ ਤੈਨਾਤ ਰਹਿਣਗੀਆਂ, ਜਦੋਂ ਕਿ ਛੋਟੀ ਡਿਸਪੈਂਸਰੀ ਵੀ ਸਥਾਪਿਤ ਕੀਤੀ ਜਾ ਰਹੀ ਹੈ, ਜਿੱਥੋਂ ਕੋਈ ਵੀ ਸ਼ਰਧਾਲੂ ਆਪਣੀ ਸਿਹਤ ਸਮੱਸਿਆ ਸਬੰਧੀ ਦਵਾਈਆਂ ਲੈ ਸਕਦਾ ਹੈ। ਸ਼੍ਰੀ ਮਹਿਤਾ ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਤਾਦਾਦ ਵਿੱਚ ਉਕਤ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਨੂੰ ਸੁਣਨ ਲਈ ਪਹੁੰਚਣ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ 5 ਮਾਰਚ ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿੱਚ ਪਹੁੰਚਣ ਦੀ ਅਪੀਲ ਵੀ ਸ਼ਰਧਾਲੂਆਂ ਨੂੰ ਕੀਤੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਇਹ ਵੀ ਦੱਸਿਆ ਕਿ ਉਕਤ ਕਥਾ ਲਈ ਮੁਫ਼ਤ ਪਾਸ ਵੰਡੇ ਜਾ ਰਹੇ ਹਨ, ਜਿਨ੍ਹਾਂ ਲਈ ਸੈਂਟਰ ਵੀ ਬਣਾਏ ਗਏ ਹਨ, ਜਦੋਂ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਆਨਲਾਈਨ ਬੁਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ, ਸਕੈਨਰ ਦੀ ਸੁਵਿਧਾ ਵੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਲਗਾਏ ਗਏ ਬੋਰਡਾਂ ਵਿੱਚ ਉਕਤ ਸਕੈਨਰ ਵੀ ਦਿੱਤਾ ਗਿਆ ਹੈ, ਜਿੱਥੋਂ ਸਕੈਨ ਕਰਕੇ ਸ਼ਰਧਾਲੂ ਆਪਣੇ ਪਾਸ ਬੁੱਕ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਫਿਰ ਵੀ ਅਗਰ ਕੋਈ ਸ਼ਰਧਾਲੂ ਬਿਨਾਂ ਪਾਸ ਦੇ ਪ੍ਰੋਗ੍ਰਾਮ ਵਿੱਚ ਪਹੁੰਚਦਾ ਹੈ, ਤਾਂ ਉਨ੍ਹਾਂ ਲਈ ਤਿੰਨ ਗੇਟ ਦੀ ਸਪੈਸ਼ਲ ਵਿਵਸਥਾ ਕਰ ਦਿੱਤੀ ਗਈ ਹੈ, ਤਾਂ ਜੋ ਕੋਈ ਵੀ ਸ਼ਰਧਾਲੂ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਨ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਬੀਬੀ ਵਾਲਾ ਰੋਡ 'ਤੇ ਸਥਿਤ ਹੋਟਲ ਗੋਲਡ ਸਟਾਰ, ਵਾਰਡ ਨੰਬਰ 48 ਵਿੱਚ ਰਾਜੀਵ ਗਾਂਧੀ ਕਲੋਨੀ ਵਿੱਚ ਸਥਿਤ ਮੇਅਰ ਦਫਤਰ, ਨਗਰ ਨਿਗਮ ਬਠਿੰਡਾ ਵਿੱਚ ਸਥਿਤ ਮੇਅਰ ਦਫਤਰ, ਔਹਰੀ ਆਊਟਲੈਟਸ ਨੇੜੇ ਰੈਡ ਕਰਾਸ ਗੋਲ ਡਿੱਗੀ, ਵਾਰੀਜ ਕੈਟਰਰਜ਼ ਕੋਰਟ ਰੋਡ, ਪਾਂਧੀ ਪ੍ਰੋਪਰਟੀ ਆਦਰਸ ਨਗਰ, ਸੋਨੂੰ ਫੋਟੋਗ੍ਰਾਫੀ ਨਵੀਂ ਬਸਤੀ ਗਲੀ ਨੰਬਰ 6, ਰਾਕੇਸ਼ ਬੋਬੀ ਬਿਰਲਾ ਮਿਲ ਕਲੋਨੀ ਅਤੇ ਸੋਫਟੈਲ ਸੋਲੂਸ਼ਨ ਪਾਵਰ ਹਾਊਸ ਰੋਡ ਤੋਂ ਸ਼ਰਧਾਲੂ ਮੁਫ਼ਤ ਪਾਸ ਲੈ ਸਕਦੇ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਇੱਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਸ ਦੀ ਕੋਈ ਸਮੱਸਿਆ ਹੁੰਦੀ ਹੈ, ਤਾਂ ਉਹ ਨਿਸ਼ਚਿੰਤ ਹੋ ਕੇ ਕਥਾ ਵਾਲੀ ਜਗ੍ਹਾ 'ਤੇ ਪਹੁੰਚਣ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।