ਪਟਵਾਰੀਆਂ ਨੇ ਜਾਣਬੁੱਝ ਕੇ ਕੀਤੀਆਂ ਸਰਕਾਰੀ ਰਿਕਾਰਡ 'ਚ ਗਲਤੀਆਂ: MLA ਇੰਦਰਜੀਤ ਕੌਰ ਮਾਨ ਦਾ ਵਿਧਾਨ ਸਭਾ 'ਚ ਵੱਡਾ ਦੋਸ਼
ਬਲਵਿੰਦਰ ਸਿੰਘ ਧਾਲੀਵਾਲ
ਚੰਡੀਗੜ੍ਹ/ਨਕੋਦਰ, 24 ਫਰਵਰੀ 2025- ਪਟਵਾਰੀਆਂ ਨੇ ਜਾਣਬੁੱਝ ਕੇ ਸਰਕਾਰੀ ਰਿਕਾਰਡ ਵਿੱਚ ਗ਼ਲਤੀਆਂ ਕੀਤੀਆਂ ਹੋਈਆਂ ਨੇ ਤਾਂ, ਜੋ ਲੋਕਾਂ ਨੂੰ ਪਹਿਲਾਂ ਖੱਜਲ ਖੁਆਰ ਕੀਤਾ ਜਾਵੇ ਅਤੇ ਬਾਅਦ ਵਿੱਚ ਕਥਿਤ ਤੌਰ ਤੇ ਰਿਸ਼ਵਤ ਬਟੋਰੀ ਜਾ ਸਕੇ। ਇਹ ਵੱਡਾ ਦੋਸ਼ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਅੱਜ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਲਗਾਇਆ।
ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦਾ ਰਿਕਾਰਡ ਜਿਹੜਾ ਆਨਲਾਈਨ ਹੈ, ਉਹਦੇ ਵਿੱਚ ਇੰਨੀਆਂ ਕੁ ਜਿਆਦਾ ਗ਼ਲਤੀਆਂ ਨੇ ਕਿ ਕੋਈ ਕਹਿਣ ਦੀ ਹੱਦ ਨਹੀਂ। ਇਹ ਗ਼ਲਤੀਆਂ ਕਿਸੇ ਹੋਰ ਨੇ ਨਹੀਂ ਬਲਕਿ ਪਟਵਾਰੀਆਂ ਨੇ ਹੀ ਜਾਣਬੁੱਝ ਕੇ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਪਟਵਾਰੀਆਂ ਚਾਰ ਦਿਨਾਂ ਦਾ ਕੰਮ ਛੇ-ਛੇ ਮਹੀਨੇ ਲਟਕਾਈ ਰੱਖਦੇ ਹਨ ਅਤੇ ਜੇਕਰ ਕੋਈ ਵਿਅਕਤੀ ਰਿਕਾਰਡ ਵਿੱਚ ਸੋਧ ਕਰਵਾਉਣ ਵਾਸਤੇ ਪਟਵਾਰੀਆਂ ਕੋਲ ਚਲਾ ਵੀ ਜਾਂਦਾ ਹੈ ਤਾਂ, ਇਹ ਕਈ ਕਈ ਮਹੀਨੇ ਹੀ ਇਸ ਕੰਮ ਨੂੰ ਲਗਾ ਦਿੰਦੇ ਹਨ ਅਤੇ ਇਸ ਦਾ ਖਮਿਆਜ਼ਾ ਖ਼ਾਸ ਕਰ ਐਨਆਰਆਈਜ਼ ਅਤੇ ਆਮ ਜਨਤਾ ਨੂੰ ਭੁਗਤਾ ਪੈਂਦਾ ਹੈ।
ਵਿਧਾਇਕਾ ਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਰਿਕਾਰਡ ਵਿੱਚ ਜਿਹੜੀਆਂ ਖਾਮੀਆਂ ਪਟਵਾਰੀਆਂ ਨੇ ਜਾਣਬੁੱਝ ਕੇ ਕੀਤੀਆਂ ਹਨ, ਉਸਨੂੰ ਤੁਰੰਤ ਇੱਕ ਤਾਂ ਹੱਲ ਕਰਵਾਇਆ ਜਾਵੇ ਅਤੇ ਜੇਕਰ ਕੋਈ ਅੱਗੇ ਤੋਂ ਜਾਣਬੁੱਝ ਕੇ ਗ਼ਲਤੀ ਕਰਦਾ ਹੈ ਤਾਂ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ, ਜੋ ਆਮ ਲੋਕ ਖੱਜਲ ਖੁਆਰੀ ਤੋਂ ਬਚ ਸਕਣ।