ਸੁਰਜੀਤ ਪਾਤਰ ਨੇ ਆਪਣੀ ਕਲਮ ਨਾਲ ਧਰਤੀ ਪੁੱਤਰ ਹੋਣ ਦਾ ਧਰਮ ਨਿਭਾਇਆ- ਡਾ ਗੋਸਲ
ਭੁਪਿੰਦਰ ਕੌਰ ਪਾਤਰ ਨੇ ਭਾਵੁਕਤਾ ਨਾਲ ਯਾਦਾਂ ਸਾਂਝੀਆਂ ਕੀਤੀਆਂ
ਲੁਧਿਆਣਾ 24. ਫਰਵਰੀ 2025- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪੰਜਾਬ ਕਲਾ ਪਰਿਸ਼ਦ ਵੱਲੋਂ ਸ਼ੁਰੂ ਹੋਏ ਤਿੰਨ ਰੋਜ਼ਾ 'ਰਾਜ ਪੱਧਰੀ ਸੁਰਜੀਤ ਪਾਤਰ ਕਲਾ ਉਤਸਵ' ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸੁਰਜੀਤ ਪਾਤਰ ਪੰਜਾਬੀ ਬੋਲੀ ਅਤੇ ਸਾਹਿਤ ਦਾ ਉਹ ਸੂਰਜ਼ ਨੇ ਜਿਸ ਨੇ ਪੂਰੀ ਦੁਨੀਆਂ ਵਿੱਚ ਆਪਣੀਆਂ ਲਿਖਤਾਂ ਅਤੇ ਵਿਚਾਰਾਂ ਦਾ ਪ੍ਰਭਾਵ ਪਾਇਆ ਹੈ। ਡਾ ਗੋਸਲ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਆਪਣੀ ਕਲਮ ਨਾਲ ਧਰਤੀ ਪੁੱਤਰ ਹੋਣ ਦਾ ਧਰਮ ਨਿਭਾਇਆ ਹੈ। ਉਹਨਾਂ ਪਾਤਰ ਸਾਹਿਬ ਵੱਲੋਂ ਯੂਨੀਵਰਸਿਟੀ ਵਿੱਚ ਗੁਜ਼ਾਰੇ ਸਮੇਂ ਅਤੇ ਸਿਰਜਣਾ ਤੇ ਵੀ ਚਾਨਣਾ ਪਾਇਆ। ਡਾ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਚੇਅਰ ਅਤੇ ਸੁਰਜੀਤ ਪਾਤਰ ਸੱਥ ਦੀ ਸਥਾਪਨਾ ਕਰ ਦਿੱਤੀ ਗਈ ਹੈ। ਉਤਸਵ ਦਾ ਉਦਘਾਟਨ ਕਰਦਿਆਂ ਸ੍ਰੀਮਤੀ ਭੁਪਿੰਦਰ ਕੌਰ ਪਾਤਰ ਨੇ ਕਿਹਾ ਕਿ ਸੁਰਜੀਤ ਪਾਤਰ ਜੀ ਪੂਰੇ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਸਨ। ਸ੍ਰੀਮਤੀ ਪਾਤਰ ਨੇ ਕਿਹਾ ਕਿ ਪਾਤਰ ਸਾਹਿਬ ਨੇ ਹਮੇਸ਼ਾ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ ਹੈ। ਸ੍ਰੀਮਤੀ ਪਾਤਰ ਨੇ ਸੁਰਜੀਤ ਪਾਤਰ ਦੀਆਂ ਚੋਣਵੀਆਂ ਰਚਨਾਵਾਂ ਦੇ ਨਾਲ ਭਾਵੁਕ ਹੁੰਦਿਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਵੱਲੋਂ ਡਾ. ਸੁਰਜੀਤ ਪਾਤਰ ਦੇ ਜਨਮ ਦਿਨ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ 'ਪੰਜਾਬ ਨਵ ਸਿਰਜਣਾ' ਪ੍ਰੋਗ੍ਰਾਮ ਤਹਿਤ ਸਮਾਗਮ ਕਰਵਾਏ ਜਾ ਰਹੇ ਹਨ। ਸਵੀ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਜਿੱਥੇ ਪਰੋੜ ਅਤੇ ਸਥਾਪਿਤ ਲੇਖਕਾ ਦਾ ਮਾਣ ਸਨਮਾਣ ਕਰਨ ਦਾ ਪ੍ਰੋਗ੍ਰਾਮ ਹੈ ਉੱਥੇ ਨੌਜਵਾਨ ਪੀੜੀ ਨੂੰ ਕਲਾ ਅਤੇ ਸਾਹਿਤ ਨਾਲ ਜੋੜਨ ਦੇ ਉਪਰਾਲੇ ਵੀ ਹੋ ਹਰੇ ਹਨ। ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਦੇ ਦੱਸਿਆ ਕਿ ਇਸ ਉਤਸਵ ਵਿੱਚ ਪੰਜਾਬ ਰਾਜ ਤੋਂ ਲਗਭਗ ਵੀਹ ਕਾਲਜਾਂ ਦੇ ਵਿਦਿਆਰਥੀ ਕਵਿਤਾ, ਭਾਸ਼ਣ, ਕੋਮਲ ਅਤੇ ਵਿਰਾਸਤੀ ਕਲਾਵਾਂ ਵਿੱਚ ਭਾਗ ਲੈ ਰਹੇ ਹਨ। ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸਮਾਗਮ ਦੌਰਾਨ ਨਾਟਕ ਲੋਕ ਸੰਗੀਤ ਅਤੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਵੀ ਹੋਣਗੀਆਂ ਅਤੇ 'ਜੀਵੇ ਜਵਾਨੀ' ਵਿਸ਼ੇ ਤੇ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਆਰਟਿਸਟ ਸੁਖਪ੍ਰੀਤ ਸਿੰਘ ਦੀਆਂ ਪੰਜਾਬ ਦੇ ਜਨ ਜੀਵਨ ਦੇ ਅਧਾਰਿਤ ਕਲਾ ਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਉਦਘਾਟਨੀ ਸਮਾਗਮ ਉਪਰੰਤ ਡਾ ਜਗਦੀਸ਼ ਕੌਰ ਨੂੰ ਸੁਰਜੀਤ ਪਾਤਰ ਚੇਅਰ ਉੱਤੇ ਬਿਰਾਜਮਾਨ ਕੀਤਾ ਗਿਆ। ਇਸ ਮੌਕੇ ਹੋਏ ਅੰਤਰ ਕਾਲਜ ਮੁਕਾਬਲਿਆਂ। ਉੱਘੇ ਲੇਖਕ ਅਤੇ ਚਿੰਤਕ ਪ੍ਰੋਫੈਸਰ ਕਿਰਪਾਲ ਕਜ਼ਾਕ ਡਾ ਦਵਿੰਦਰ ਕੌਰ ਢੱਟ, ਆਰਟਿਸਟ ਸੁਖਪ੍ਰੀਤ ਸਿੰਘ, ਤ੍ਰੈਲੋਚਨ ਲੋਚੀ ਅਤੇ ਗੁਰਚਰਨ ਕੌਰ ਕੋਚਰ ਨੇ ਨਿਰਣਾਇਕਾਂ ਦੀ ਭੂਮਿਕਾ ਨਿਭਾਈ। ਯੂਨੀਵਰਸਿਟੀ ਦੇ ਜੁਆਇੰਟ ਡਾਇਰੈਕਟਰ ਸਟੂਡੈਂਟ ਵੈਲਫੇਅਰ ਡਾ ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ ਅਜਮੇਰ ਸਿੰਘ ਢੱਟ, ਡਾ ਮੱਖਣ ਸਿੰਘ ਭੁੱਲਰ, ਸ. ਹਰਪਾਲ ਸਿੰਘ ਮਾਂਗਟ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਪ੍ਰੋਗਰਾਮ ਦਾ ਸੰਚਾਲਨ ਡਾ ਵਿਸ਼ਾਲ ਬੈਕਟਰ ਨੇ ਕੀਤਾ।