Babushahi Special: ਟਰੈਵਲ ਏਜੰਟਾਂ ਦੇ ਪੋਤੜੇ ਫਰੋਲਣ ਲੱਗਾ ਬਠਿੰਡਾ ਪੁਲਿਸ ਪ੍ਰਸਾਸ਼ਨ
ਅਸ਼ੋਕ ਵਰਮਾ
ਬਠਿੰਡਾ, 24 ਫਰਵਰੀ 2025: ਬਠਿੰਡਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਹੇਠ ਠੱਗੀਆਂ ਮਾਰਨ ਵਾਲਿਆਂ ਦੀ ਭਾਲ ’ਚ ਟਰੈਵਲ ਏਜੰਟਾਂ ਜਾਂ ਵੀਜ਼ਾ ਲੁਆਉਣ ਵਾਲੀਆਂ ਕੰਪਨੀਆਂ ਦੇ ਪੋਤੜੇ ਫਰੋਲਣ ’ਚ ਜੁਟਣ ਲੱਗੀ ਹੈ। ਡੰਕੀ ਰੂਟ ਜਾਂ ਫਿਰ ਫਰਜ਼ੀ ਦਸਤਾਵੇਜ਼ਾਂ ਸਹਾਰੇ ਅਮਰੀਕਾ ਪੁੱਜਣ ਵਾਲਿਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਸਖਤ ਹਦਾਇਤਾਂ ਕਾਰਨ ਪੁਲਿਸ ਦੀਆਂ ਹੁਣ ਅੱਖਾਂ ਖੁੱਲ੍ਹੀਆਂ ਹਨ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬਠਿੰਡਾ ਜਿਲ੍ਹੇ ’ਚ ਵਿਦੇਸ਼ਾਂ ’ਚ ਜਾਣ ਦਾ ਝੱਲ ਹੋਰਨਾਂ ਥਾਵਾਂ ਨਾਲੋਂ ਘੱਟ ਹੋਣ ਦੇ ਬਾਵਜੂਦ ਪਿਛਲੇ ਦਸ ਸਾਲਾਂ ਦੌਰਾਨ ਇਸ ਕਿਸਮ ਦੀਆਂ ਠੱਗੀਆਂ ਮਾਰਨ ਦੇ ਵੱਡੀ ਗਿਣਤੀ ਮੁਕੱਦਮੇ ਦਰਜ ਹੋ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਇਸ ਤਰਾਂ ਦੀ ਚੱਕ ਥੱਲ ਕਰਨ ਦੇ ਮਾਮਲੇ ’ਚ ਬਠਿੰਡਾ ਜਿਲ੍ਹੇ ਦੇ ਅਦਾਰੇ ਵੀ ਕਿਸੇ ਤੋਂ ਘੱਟ ਨਹੀਂ ਹਨ।
ਇਸੇ ਪ੍ਰਕਿਰਿਆ ਤਹਿਤ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਸ਼ਹਿਰ ਦੇ ਕਈ ਨਾਮੀ ਅਦਾਰਿਆਂ ਸਮੇਤ ਵੱਡੀ ਗਿਣਤੀ ਵੀਜ਼ਾ ਏਜੰਸੀਆਂ ਦੇ ਕਾਗਜ਼ ਪੱਤਰਾਂ ਦੀ ਪੜਤਾਲ ਕੀਤੀ ਹੈ। ਅੱਜ ਦੀ ਕਵਾਇਦ ਤੋਂ ਇਹ ਜਾਪਦਾ ਹੈ ਕਿ ਪੁਲਿਸ ਅਧਿਕਾਰੀਆਂ ਕੋਲ ਪੁਖਤਾ ਤੱਥ ਹਨ ਜਿੰਨ੍ਹਾਂ ਦੇ ਅਧਾਰ ਤੇ ਕਈ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਹੋਰਨਾਂ ਇਲਾਕਿਆਂ ਦੀ ਤਰਾਂ ਪਿਛਲੇ ਕੁੱਝ ਸਾਲਾਂ ਦੌਰਾਨ ਬਠਿੰਡਾ ਜਿਲ੍ਹੇ ਵਿੱਚੋਂ ਵੀ ਵਿਦੇਸ਼ ਜਾਣ ਦਾ ਰੁਝਾਨ ਕਾਫੀ ਤੇਜ ਹੋਇਆ ਸੀ। ਸਰਕਾਰੀ ਏਜੰਸੀਆਂ ਨੂੰ ਸ਼ੱਕ ਹੈ ਕਿ ਇੰਨ੍ਹਾਂ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ’ਚ ਭੇਜਣ ਲਈ ਗੈਰਕਾਨੂੰਨੀ ਢੰਗ ਤਰੀਕੇ ਵਰਤੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਪੁਲਿਸ ਕੋਲ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਲਈ ਫਰਜ਼ੀ ਪਾਸਪੋਰਟ ,ਫਰਜ਼ੀ ਵੀਜ਼ਾ ਅਤੇ ਪਾਸਪੋਰਟ ਦੀ ਫੋਟੋ ਵਗੈਰਾ ਬਦਲਣ ਆਦਿ ਵਰਗੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ।
ਪੁਲਿਸ ਕੋਲ ਇਸ ਗੱਲ ਦੇ ਵੀ ਤੱਥ ਹਨ ਕਿ ਪੰਜਾਬ ਦੇ ਸਟੱਡੀ ਵੀਜ਼ੇ ਜਾਂ ਫਿਰ ਹੋਰ ਤਰੀਕੀਆਂ ਰਾਹੀਂ ਵਿਦੇਸ਼ ਭੇਜਣ ਵਾਲੀਆਂ ਸੰਸਥਾਵਾਂ ਨੇ ਗਾਹਕ ਫਸਾਉਣ ਲਈ ਆਪਣੇ ਏਜੰਟ ਵੀ ਛੱਡੇ ਹੋਏ ਹਨ ਜੋ ਭੋਲੇ ਭਾਲੇ ਲੋਕਾਂ ਨੂੰ ਸਬਜ਼ਬਾਗ ਦਿਖਾਉਣ ’ਚ ਮਾਹਿਰ ਹਨ। ਸੂਤਰਾਂ ਅਨੁਸਾਰ ਪੁਲਿਸ ਨੂੰ ਕੁੱਝ ਅਜਿਹੇ ਅਦਾਰਿਆਂ ਬਾਰੇ ਪਤਾ ਲੱਗਿਆ ਹੈ ਜਿੰਨ੍ਹਾਂ ਨੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵਿਦੇਸ਼ ਉਡਾਰੀ ਮਾਰਨ ਵਿੱਚ ਸਹਾਇਤਾ ਕੀਤੀ ਹੈ ਅਤੇ ਇਸ ਗੋਰਖਧੰਦੇ ’ਚ ਪ੍ਰੀਵਾਰਕ ਮੈਂਬਰ ਵੀ ਸ਼ਾਮਲ ਹਨ । ਪੰਜਾਬੀਆਂ ਵੱਲੋਂ ਵਿਦੇਸ਼ ਜਾਣ ਲਈ ਜਮੀਨਾਂ ਵੇਚਣ ਅਤੇ ਜਾਨਾਂ ਗਵਾਉਣ ਦੀ ਗੱਲ ਤਾਂ ਪਹਿਲਾਂ ਵੀ ਹੁੰਦੀ ਸੀ ਪਰ ਹੁਣ ਤਾਂ ਇੰਨ੍ਹਾਂ ਤੱਥਾਂ ਤੇ ਇੱਕ ਤਰਾਂ ਨਾਲ ਮੋਹਰ ਹੀ ਲੱਗ ਗਈ ਹੈ। ਇਹੋ ਕਾਰਨ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੁਲਿਸ ਪ੍ਰਸ਼ਾਸ਼ਨ ਨੇ ਸਖਤੀ ਦਿਖਾਉਣੀ ਸ਼ੁਰੂ ਕੀਤੀ ਹੈ।
ਕਹਾਣੀ ਨਵੀਂ ਨਹੀਂ ਪੁਰਾਣੀ
ਸੰਯੁਕਤ ਰਾਸ਼ਟਰ ਸੰਘ ਦੀ ਸੰਸਥਾ ਯੂਨਾਈਟਡ ਨੇਸ਼ਨ ਆਫਿਸ ਆਨ ਡਰੱਗਜ਼ ਐਡ ਕ੍ਰਾਈਮ ਵੱਲੋਂ ਕਈ ਸਾਲ ਪਹਿਲਾਂ ਕੀਤੇ ਇੱਕ ਅਧਿਐਨ ਦੌਰਾਨ ਇਹ ਚਿੰਤਾਜਨਕ ਤੱਥ ਸਾਹਮਣੇ ਆਏ ਸਨ ਕਿ ਪੰਜਾਬ ਵਿੱਚੋਂ ਹਰ ਸਾਲ 20 ਹਜ਼ਾਰ ਤੋਂ ਜਿਆਦਾ ਨੌਜਵਾਨ ਗੈਰਕਾਨੂੂੰਨੀ ਢੰਗਾਂ ਨਾਲ ਵਿਦੇਸ਼ਾਂ ਨੂੰ ਪ੍ਰਵਾਸ ਕਰਦੇ ਹਨ। ਰਿਪੋਰਟ ਮੁਤਾਬਕ ਗੈਰਕਾਨੂੰਨੀ ਪ੍ਰਵਾਸ ਕਰਨ ਵਾਲਿਆਂ ਚੋਂ 84 ਫੀਸਦੀ ਦਾ ਸਬੰਧ ਦਿਹਾਤੀ ਖੇਤਰਾਂ ਨਾਲ ਹੈ। ਇੰਨ੍ਹਾਂ ਚੋ ਜਿਆਦਾਤਰ ਦੀ ਉਮਰ 21 ਤੋਂ 30 ਸਾਲ ਹੁੰਦੀ ਹੈ ਜਦੋਂ ਕਿ 31 ਤੋਂ 40 ਸਾਲ ਦੀ ਉਮਰ ਵਾਲੇ ਵੀ ਗੈਰ ਕਾਨੂੰਨੀ ਪ੍ਰਵਾਸ ਕਰਦੇ ਹਨ। ਇਸ ਅਧਿਐਨ ਨੇ ਦਰਸਾ ਦਿੱਤਾ ਸੀ ਕਿ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਇਸ ਦੇ ਉਲਟ ਪੰਜਾਬ ’ਚ ਵਿਦੇਸ਼ ਜਾਣ ਦੇ ਕਿੱਤੇ ਨੇ ਸਨਅਤ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਨਤੀਜਿਆਂ ਨੇ ਪੰਜਾਬੀ ਸਮਾਜ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਜ਼ੀਰੋ ਟਾਲਰੈਂਸ ਨੀਤੀ: ਨੀਲ ਗਰਗ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਜੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਰੁਜ਼ਗਾਰ ਸ਼ੁਰੂ ਕੀਤਾ ਗਿਆ ਹੈ ਇਸ ਲਈ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਹੀ ਰਹਿਣੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਅਤੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਨੀਲ ਗਰਗ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਮਾਨਤਾ ਪ੍ਰਾਪਤ ਅਦਾਰਿਆਂ ਰਾਹੀਂ ਕਾਨੂੰਨ ਦੇ ਦਾਇਰੇ ’ਚ ਵਿਦੇਸ਼ ਜਾਣ ਦੀ ਅਪੀਲ ਕੀਤੀ ਤਾਂ ਜੋ ਕਿਸੇ ਵੀ ਕਿਸਮ ਦੇ ਮਾੜੇ ਹਾਲਾਤਾਂ ਤੋਂ ਬਚਿਆ ਜਾ ਸਕੇ।
ਮਾੜੇ ਅਨਸਰਾਂ ਖਿਲਾਫ ਕਾਰਵਾਈ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਅੱਜ ਬਠਿੰਡਾ ਜਿਲ੍ਹੇ ਵਿੱਚ ਸਮੂਹ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਪੜਤਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਅੱਜ ਤਕਰਬੀਨ 110 ਅਦਾਰਿਆਂ ਦੇ ਕਾਗਜ਼ ਪੱਤਰਾਂ ਅਤੇ ਲਾਈਸੰਸ ਵਗੈਰਾ ਦੀ ਜਾਂਚ ਕੀਤੀ ਗਈ ਹੈ ਜਦੋਂਕਿ 32 ਅਦਾਰੇ ਬੰਦ ਮਿਲੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਟਰੈਵਲ ਏਜੰਟ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਏਗਾ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਅਜਿਹਾ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਏ ਤਾਂ ਜੋ ਸਖਤ ਕਾਰਵਾਈ ਕੀਤੀ ਜਾ ਸਕੇ।