ਗੁਰਦਾਸਪੁਰ: ਪੁਲਿਸ ਨੇ ਕੱਢਿਆ ਫਲੈਗ ਮਾਰਚ, ਲਗਾਏ ਸਪੈਸ਼ਲ ਨਾਕੇ
ਨਸ਼ੇੜੀਆਂ ਦੇ ਅਡਿਆਂ ਤੇ ਵੀ ਕੀਤੀਆਂ ਰੇਡਾਂ
ਰੋਹਿਤ ਗੁਪਤਾ
ਗੁਰਦਾਸਪੁਰ , 24 ਫਰਵਰੀ 2025- ਨਵੇਂ ਆਏ ਐਸਐਸਪੀ ਅਦਿਤਿਆ ਦੇ ਨਿਰਦੇਸ਼ਾਂ ਤੇ ਥਾਨਾ ਸਿਟੀ ਗੁਰਦਾਸਪੁਰ ਵੱਲੋਂ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਦੇਰ ਸ਼ਾਮ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਸਪੈਸ਼ਲ ਨਾਕੇ ਲਗਾ ਕੇ ਦੁਪਹੀਆ ਵਾਹਨਾ ਅਤੇ ਹੋਰ ਗੱਡੀਆਂ ਦੀ ਚੈਕਿੰਗ ਕੀਤੀ ਗਈ । ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ । ਐਸਐਚ ਓ ਨੇ ਦੱਸਿਆ ਕਿ ਕੁਲ 22 ਚਲਾਨ ਕੱਟੇ ਗਏ ਹਨ ਅਤੇ ਦੋ ਮੋਟਰਸਾਈਕਲ ਵੀ ਬਾਂਡ ਕੀਤੇ ਗਏ ਹਨ। ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਅਤੇ ਟਰਿਪਲਿੰਗ ਕਰਨ ਵਾਲਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਟਰੈਫਿਕ ਸਮੱਸਿਆ ਨੂੰ ਸੁਲਝਾਉਣ ਲਈ ਵੀ ਸਪੈਸ਼ਲ ਰੂਟ ਪਲਾਨ ਬਣਾਏ ਜਾ ਰਹੇ ਜੋ ਕੁਝ ਹੀ ਦਿਨਾਂ ਵਿੱਚ ਲਾਗੂ ਕਰ ਦਿੱਤੇ ਜਾਣਗੇ । ਉਹਨਾਂ ਦੱਸਿਆ ਕਿ ਅੱਜ ਪੁਲਿਸ ਵੱਲੋਂ ਨਸ਼ੇੜੀਆਂ ਦੇ ਅੱਡੇ ਬਣ ਰਹੇ ਇਲਾਕਿਆਂ ਵਿੱਚ ਰੇਡਾਂ ਵੀ ਕੀਤੀ ਗਈ ਹੈ ਅਤੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।