ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖਾਦ,ਬੀਜ ਅਤੇ ਕੀਟਨਾਸ਼ਕ ਵਿਕਰੇਤਾਵਾਂ ਦੀ ਕੀਤੀ ਚੈਕਿੰਗ
ਖਾਦਾਂ ,ਕੀਟਨਾਸ਼ਕਾਂ ਅਤੇ ਬੀਜ ਦੇ ਲਾਇਸੰਸ ਜਾਰੀ ਕਰਨ ਦੀ ਪ੍ਰੀਕਿਰਿਆ ਪੂਰੀ ਤਰਾਂ ਆਨਲਾਈਨ ਕੀਤੀ :ਮੁੱਖ ਖੇਤੀਬਾੜੀ ਅਫ਼ਸਰ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 24 ਫਰਵਰੀ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹਈਆ ਕਰਵਾਉਣ ਦੇ ਮਕਸਦ ਦੀ ਪੂਰਤੀ ਲਈ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਜ਼ਿਲਾ ਪੱਧਰੀ ਟੀਮ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਖਾਦ ਅਤੇ ਕੀਟਨਾਸ਼ਕ ਵਿਕਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਤ ਗੋਦਾਮਾਂ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਟੀਮ ਵਿਚ ਡਾ. ਸ਼ਾਹਬਾਜ ਸਿੰਘ ਚੀਮਾ ਬਲਾਕ ਖ਼ੇਤੀਬਾੜੀ ਅਫ਼ਸਰ,ਡਾਕਟਰ ਅੰਮ੍ਰਿਤਪਾਲ ਸਿੰਘ ,ਡਾਕਟਰ ਜੋਬਨਜੀਤ ਸਿੰਘ ,ਡਾਕਟਰ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਸਨ ।
ਅੱਜ ਦੀ ਕਰਵਾਈ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਖਾਦਾਂ ਦੀ ਸੈਂਪਲਿੰਗ ,ਕਾਲਾਬਜ਼ਾਰੀ ਅਤੇ ਜਮਾਂਖੋਰੀ ਰੋਕਣ ਲਈ ਦੁਕਾਨਾਂ ਅਤੇ ਗੋਦਾਮਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਬੇਰੁਜਗਾਰ ਨੌਜਵਾਨਾਂ ਨੂੰ ਖੇਤੀ ਸਮੱਗਰੀ ਡੀਲਰਸ਼ਿਪ ਦੇ ਲਾਇਸੰਸ ਜਾਰੀ ਕਰਨ ਦੀ ਸਮੁੱਚੀ ਪ੍ਰੀਕਿਰਿਆ ਆਨਲਾਈਨ ਕਰ ਦਿੱਤੀ ਗਈ ਹੈ ਤਾਂ ਜੋਂ ਹੁੰਦੀ ਖੱਜਲ ਖਰਾਬੀ ਖਤਮ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਖਾਦਾਂ ,ਕੀਟਨਾਸ਼ਕ ਅਤੇ ਬੀਜਾਂ ਦੇ ਲਾਇਸੰਸ ਲੈਣ ਦੇ ਇੱਛੁਕ ਬੇਰੁਜਗਾਰ ਨੌਜਵਾਨ ਆਪਣੇ ਬਿਨੇਪਤਰ ਸਮੇਤ ਸਾਰੇ ਕਾਗਜਾਤ ਆਨਲਾਈਨ ਪੋਰਟਲ ਤੇ ਦਰਜ ਕਰਨੇ ਹੋਣਗੇ। ਉਨਾਂ ਦੱਸਿਆ ਕਿ ਲਾਇਸੰਸ ਲਈ ਪੂਰੇ ਕਾਗਜਾਤ ਤਸਦੀਕ ਕਰਨ ਉਪਰੰਤ ਲਾਇਸੰਸ ਆਨਲਾਈਨ ਬਿਨੈਕਾਰ ਕੋਲ ਪਹੁੰਚ ਜਾਵੇਗਾ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹਈਆ ਕਰਵਾਉਣ ਦੇ ਮਕਸਦ ਨਾਲ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਤਹਿਤ ਦੁਕਾਨਾਂ ਦੀ ਚੈਕਿੰਗ ਤੋਂ ਇਲਾਵਾ ਖਾਦਾਂ ਅਤੇ ਕੀਟਨਾਸ਼ਕਾਂ ਦੇ ਸੈਂਪਲ ਭਰੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਇਸ ਸਾਲ ਖਾਦਾਂ ਦੇ 232 ਅਤੇ ਕੀਟਨਾਸ਼ਕਾਂ ਦੇ 192 ਨਮੂਨੇ ਲਏ ਗਏ ਸੈਂਪਲਾਂ ਵਿਚੋਂ ਖਾਦਾਂ ਦੇ 12 ਅਤੇ ਕੀਟਨਾਸ਼ਕਾਂ ਦੇ 3 ਸੈਂਪਲ ਗੈਰ ਮਿਆਰੀ ਪਾਏ ਗਏ ਹਨ ਅਤੇ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋਂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਧਾਈ ਜਾ ਸਕੇ।
ਉਨਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ ਵਿੱਚ ਮੌਜੂਦ ਵਿਕਰੀ ਕੀਤੀ ਖਾਦ ਦਾ ਸਟਾਕ ਨਾਲੋ ਨਾਲ ਨਿਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ਤੇ ਅਣਵਿਕੀ ਖਾਦ ਦਾ ਸਟਾਕ ਇਕਸਾਰ ਹੋਵੇ । ਉਨਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜਰੂਰੀ ਦਸਤਾਵੇਜ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਖਾਦ ਦੀ ਹੋਈ ਵਿਕਰੀ ਦਾ ਸਟਾਕ ਪੋਸ ਮਸ਼ੀਨਾਂ ਵਿਚੋਂ ਰੋਜਾਨਾ ਕਢਿਆ ਜਾਵੇ ਤਾਂ ਖਾਦ ਦੀ ਸਪਲਾਈ ਵਿਚ ਕੋਈ ਵਿਗਨ ਨਾ ਪਵੇ ।ਉਨਾਂ ਕਿਹਾ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮੱਗਰੀ ਦੀ ਵਿਕਰੀ ਕੀਤੀ ਜਾਂਦੀ ਹੈ , ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਸਮੱਗਰੀ ਹੀ ਕਿਸਾਨਾਂ ਨੂੰ ਵਿਕਰੀ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ ।ਉਨਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।