ਐਸ.ਡੀ.ਐਮ ਨੇ ਘਰੇਲੂ ਬਗੀਚੀ ਲਈ ਸਬਜੀਆਂ ਦੀਆਂ ਮਿੰਨੀ ਕਿੱਟਾਂ ਦੀ ਵੰਡ ਕੀਤੀ ਸੁਰੂ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 24 ਫਰਵਰੀ ,2025
ਘਰੇਲੂ ਬਗੀਚੀ ਅਪਣਾਓ, ਬਿਮਾਰੀਆਂ ਤੋਂ ਛੁਟਕਾਰਾ ਪਾਓ ਦੇ ਸਲੋਗਨ ਨੂੰ ਅਪਨਾਉਣ ਦੇ ਮੰਤਵ ਨਾਲ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਗਰਮੀਆਂ ਦੀ ਸਬਜ਼ੀ ਲਈ ਬੀਜ ਕਿੱਟਾਂ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਲਈ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਉਨਾਂ ਵੱਲੋਂ ਬਲਾਕ ਦੇ ਲੋਕਾਂ ਨੂੰ ਘਰੇਲੂ ਬਗੀਚੀ ਅਪਣਾਉਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਕਿ ਘਰੇਲੂ ਪੱਧਰ ਤੇ ਪੈਦਾ ਕੀਤੀਆਂ ਗਈਆਂ ਰਸਾਇਣ ਮੁਕਤ ਸਬਜ਼ੀਆਂ ਜਿੱਥੇ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ, ਉੱਥੇ ਸਾਨੂੰ ਆਰਥਿਕ ਤੌਰ ਤੇ ਵੀ ਫਾਇਦਾ ਪਹੁੰਚਾਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਤਾਜ਼ੀਆਂ ਅਤੇ ਰਸਾਇਣ ਮੁਕਤ ਸਬਜ਼ੀਆਂ ਖਾਣ ਨਾਲ ਪੌਸ਼ਟਿਕ ਤੱਤ ਪ੍ਰਾਪਤ ਹੋਣ ਕਰਕੇ ਸਰੀਰਕ ਰੋਗਾਂ ਨਾਲ ਲੜਨ ਦੀ ਸਮਰਥਾ ਵੱਧਦੀ ਹੈ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ।
ਇਸ ਮੌਕੇ ਭਾਰਤ ਭੂਸ਼ਣ ਬਾਗਬਾਨੀ ਵਿਕਾਸ ਅਫਸਰ ਨੇ ਦੱਸਿਆ ਕਿ ਘਰੇਲੂ ਪੱਧਰ ਉੱਤੇ ਸਬਜ਼ੀਆਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਜੈਵਿਕ ਤਰੀਕਿਆ ਨਾਲ ਕਰਨੀ ਚਾਹੀਦੀ ਹੈ। ਇਸ ਕਿੱਟ ਵਿੱਚ ਭਿੰਡੀ, ਕਰੇਲਾ,ਚੱਪਣ ਕੱਦੂ, ਕਾਓਪੀਜ, ਟਿੰਡਾ, ਤਰ ਆਦਿ ਬੀਜ ਸ਼ਾਮਿਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਬੀਜ 5-6 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ, ਇਸ ਵਿੱਚ ਇੱਕ ਪਰਿਵਾਰ ਲਈ ਲਗਭਗ 500 ਕਿਲੋ ਦੇ ਕਰੀਬ ਸਬਜ਼ੀ ਪੈਦਾ ਹੋਵੇਗੀ ਜੋ ਪਰਿਵਾਰ ਦੀ ਲੋੜ ਨੂੰ ਪੂਰਾ ਕਰੇਗੀ। ਇਹ ਸਬਜ਼ੀ ਬੀਜ ਮਿਨੀ ਕਿੱਟਾਂ ਬਲਾਕ ਦੇ ਬਾਗਬਾਨੀ ਦਫਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਇੱਕ ਸਬਜ਼ੀ ਬੀਜ ਕਿੱਟ ਦਾ ਰੇਟ 80 ਰੁਪਏ ਹੈ।