ਅਮਿੱਟ ਛਾਪ ਛੱਡ ਗਿਆ ਬਠਿੰਡਾ ਵਿਖੇ ਕਰਵਾਇਆ ਗਿਆ ਭਾਰਤ ਰੰਗ ਮਹਾਂਉਤਸਵ: ਏਡੀਸੀ ਪੂਨਮ ਸਿੰਘ
ਅਸ਼ੋਕ ਵਰਮਾ
ਬਠਿੰਡਾ, 13 ਫਰਵਰੀ 2025 :ਨੈਸ਼ਨਲ ਸਕੂਲ ਆਫ ਡਰਾਮਾ ਨਵੀਂ ਦਿੱਲੀ ਵੱਲੋਂ ਨਗਰ ਨਿਗਮ ਬਠਿੰਡਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਪੰਜ ਰੋਜ਼ਾ ਭਾਰਤ ਰੰਗ ਮਹੋਤਸਵ ਬਠਿੰਡਾ ਦੇ ਅੰਤਿਮ ਦਿਨ ਨਾਟਕ ਸੁਪਨਲੋਕ ਦਾ ਮੰਚਨ ਕੀਤਾ ਗਿਆ। ਇਸ ਨਾਟਕ ਦਾ ਲੇਖਣ ਅਤੇ ਨਿਰਦੇਸ਼ਨ ਸਾਹਿਬ ਨਿਤੀਸ਼ ਵੱਲੋਂ ਕੀਤਾ ਗਿਆ। ਹਿੰਦੀ ਭਾਸ਼ਾ ਵਿੱਚ ਮੰਚਿਤ ਇਸ ਨਾਟਕ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਰਹੀ। ਅੱਜ ਭਾਰਤ ਰੰਗ ਮਹੋਤਸਵ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਏਡੀਸੀ ਮੈਡਮ ਪੂਨਮ ਸਿੰਘ ਪਹੁੰਚੇ, ਜਿਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਵੀ ਮੌਜੂਦ ਸਨ। ਇਸ ਦੌਰਾਨ ਮੈਡਮ ਪੂਨਮ ਸਿੰਘ ਨੇ ਕਿਹਾ ਕਿ ਅਜਿਹੇ ਨਾਟਕਾਂ ਦਾ ਮੰਚਨ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕਰਨ ਨਾਲ ਵਿਕਾਸ ਨਹੀਂ ਹੁੰਦਾ, ਬਲਕਿ ਸਮਾਜ ਨੂੰ ਆਪਣੀ ਸੱਭਿਅਤਾ ਨਾਲ ਜੋੜਨਾ ਅਤੇ ਨੌਜਵਾਨਾਂ ਵਿੱਚ ਸੰਸਕਾਰ ਪੈਦਾ ਕਰਨਾ ਹੀ ਸਭ ਤੋਂ ਵੱਡਾ ਵਿਕਾਸ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀਆਂ ਕੋਸ਼ਿਸ਼ਾਂ ਸਦਕਾ ਬਠਿੰਡਾ ਵਿੱਚ ਪਹਿਲੀ ਵਾਰ ਭਾਰਤ ਰੰਗ ਮਹੋਤਸਵ ਦੇ ਤਹਿਤ ਪੰਜ ਰੋਜ਼ਾ ਨਾਟਕ ਮੰਚਨ ਕੀਤਾ ਗਿਆ, ਜਿਸ ਦੇ ਲਈ ਮੇਅਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮੇਅਰ ਵੱਲੋਂ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਤੋਂ ਮੁਕਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਅੱਜ ਲੋੜ ਵੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਨੈਸ਼ਨਲ ਸਕੂਲ ਆਫ ਡਰਾਮਾ ਨਵੀ ਦਿੱਲੀ ਅਤੇ ਨਾਟਕ ਮੰਚਨ ਦੀ ਟੀਮ ਦਾ ਵੀ ਧੰਨਵਾਦ ਕੀਤਾ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਉਹ ਨੈਸ਼ਨਲ ਸਕੂਲ ਆਫ ਡਰਾਮਾ ਨਵੀ ਦਿੱਲੀ ਦੀ ਟੀਮ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਬਠਿੰਡਾ ਵਿੱਚ ਭਾਰਤੀ ਸੱਭਿਅਤਾ ਨੂੰ ਦਰਸਾਉਣ ਵਾਲੇ ਨਾਟਕਾਂ ਦਾ ਮੰਚਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਉਹ ਨੈਸ਼ਨਲ ਸਕੂਲ ਆਫ ਡਰਾਮਾ ਦੀ ਟੀਮ ਨੂੰ ਇੱਕ ਅਪੀਲ ਵੀ ਕਰਦੇ ਹਨ ਕਿ ਉਹ ਹਰ ਸਾਲ ਆਪਣੇ ਭਾਰਤ ਰੰਗ ਮਹੋਤਸਵ ਵਿੱਚ ਬਠਿੰਡਾ ਨੂੰ ਜਰੂਰ ਚੁਣਨ। ਅੱਜ ਨਾਟਕ ਮੰਚਨ ਤੋਂ ਬਾਅਦ ਗੁਰੂ ਕਾਂਸੀ ਯੂਨੀਵਰਸਿਟੀ ਦੇ ਬੱਚਿਆਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਨਾਟਕ ਸੁਪਨਲੋਕ ਸ੍ਰੀ ਵਿਜੈਦਾਨ ਦੈਥਾ ਦੀ ਲਿਖੀ ਇੱਕ ਲੋਕ ਕਥਾ ਨਾਲ ਪ੍ਰੇਰਿਤ ਹੈ। ਇਹ ਕਹਾਣੀ ਇੱਕ ਲੱਕੜਹਾਰੇ ਦੀ ਹੈ, ਜੋ ਜੰਗਲ ਵਿੱਚ ਲੱਕੜੀਆਂ ਕੱਟ ਕੇ ਅਤੇ ਵੇਚ ਕੇ ਆਪਣੀ ਰੋਜ਼ੀ ਰੋਟੀ ਚਲਾਉਂਦਾ ਹੈ ਤੇ ਸਾਦਗੀ ਭਰੀ ਜ਼ਿੰਦਗੀ ਵਤੀਤ ਕਰਦਾ ਹੈ। ਇੱਕ ਰਾਤ ਉਹ ਸੌਣ ਸਮੇਂ ਇੱਕ ਸਪਨਾ ਵੇਖਦਾ ਹੈ ਕਿ ਇੱਕ ਸੁੰਦਰ ਰਾਜਕੁਮਾਰੀ ਉਸ ਨਾਲ ਵਿਆਹ ਕਰ ਰਹੀ ਹੈ। ਸਵੇਰ ਹੁੰਦਿਆਂ ਹੀ ਜਦੋਂ ਉਹ ਜਾਗਦਾ ਹੈ ਅਤੇ ਆਪਣਾ ਸੁਪਨਾ ਯਾਦ ਕਰਦਾ ਹੈ, ਤਾਂ ਉਹ ਬਿਨਾਂ ਕਿਸੇ ਵਜ੍ਹਾ ਦੇ ਹੱਸਣ ਲੱਗਦਾ ਹੈ।
ਉਸੀ ਸਮੇਂ ਸੂਬੇ ਦੇ ਰਾਜਾ ਇਕ ਐਲਾਨ ਕਰਦੇ ਹਨ ਕਿ ਰਾਜਕੁਮਾਰੀ ਦੇ ਬਿਮਾਰ ਹੋਣ ਕਰਕੇ ਪੂਰੇ ਸੂਬੇ ਵਿੱਚ ਕੋਈ ਵੀ ਹੱਸ ਨਹੀਂ ਸਕਦਾ, ਮੁਸਕੁਰਾ ਨਹੀਂ ਸਕਦਾ ਅਤੇ ਕਿਸੇ ਵੀ ਤਰ੍ਹਾਂ ਦਾ ਉਤਸਵ ਨਹੀਂ ਮਨਾ ਸਕਦਾ, ਲੇਕਿਨ ਲੱਕੜਹਾਰਾ ਆਪਣੀ ਹੱਸੀ ਨਹੀਂ ਰੋਕ ਪਾਉਂਦਾ, ਸੈਨਿਕ ਉਸ ਨੂੰ ਫੜ ਕੇ ਰਾਜਾ ਦੇ ਸਾਹਮਣੇ ਪੇਸ਼ ਕਰਦੇ ਹਨ, ਲੇਕਿਨ ਉੱਥੇ ਵੀ ਉਹ ਹੱਸਦਾ ਰਹਿੰਦਾ ਹੈ।ਗੁੱਸੇ ਵਿੱਚ ਆਏ ਰਾਜਾ ਉਸ ਨੂੰ ਜੇਲ ਵਿੱਚ ਪਾਉਣ ਦੇ ਹੁਕਮ ਦਿੰਦੇ ਹਨ, ਫਿਰ ਵੀ ਲੱਕੜਹਾਰਾ ਆਪਣੀ ਹੱਸੀ ਨਹੀਂ ਰੋਕ ਸਕਦਾ। ਰਾਜਕੁਮਾਰੀ, ਜੋ ਗੰਭੀਰ ਬਿਮਾਰ ਹੈ, ਲੱਕੜਹਾਰੇ ਨੂੰ ਜੇਲ ਵਿੱਚ ਮਿਲਣ ਆਉਂਦੀ ਹੈ, ਲੱਕੜਹਾਰੇ ਦੀ ਸਾਦਗੀ ਅਤੇ ਸੁਭਾਅ ਦੇਖ ਕੇ ਉਸ ਨਾਲ ਪ੍ਰੇਮ ਕਰਦਿਆਂ ਰੋਜ ਉਸਨੂੰ ਮਿਲਣ ਲਈ ਜੇਲ੍ਹ ਵਿੱਚ ਆਉਣ ਲੱਗਦੀ ਹੈ ਅਤੇ ਉਸਦੀ ਸਿਹਤ ਵਿੱਚ ਸੁਧਾਰ ਆਉਣ ਲੱਗਦਾ ਹੈ। ਜਦੋਂ ਰਾਜਾ ਨੂੰ ਉਸਦੇ ਪ੍ਰੇਮ ਦਾ ਪਤਾ ਚੱਲਦਾ ਹੈ, ਤਾਂ ਗੁੱਸੇ ਹੋ ਕੇ ਰਾਜਕੁਮਾਰੀ ਨੂੰ ਉਸਦੇ ਕਮਰੇ ਵਿੱਚ ਬੰਦ ਕਰ ਦਿੰਦਾ ਹੈ। ਰਾਜਕੁਮਾਰੀ ਦੀ ਹਾਲਤ ਵਿਗੜਣ ਲੱਗਦੀ ਹੈ ਅਤੇ ਉਹ ਮੌਤ ਦੇ ਨੇੜੇ ਪਹੁੰਚ ਜਾਂਦੀ ਹੈ। ਰਾਜਕੁਮਾਰੀ ਦੀ ਜਾਨ ਇੱਕ ਵਿਸ਼ੇਸ਼ ਫੁੱਲ ਵਿੱਚ ਵੱਸਦੀ ਹੈ, ਜਿਸ ਦੀ ਜਹਰੀਲੇ ਸੱਪ ਰੱਖਿਆ ਕਰਦੇ ਹਨ, ਸਿਰਫ ਉਹੀ ਵਿਅਕਤੀ, ਜੋ ਰਾਜਕੁਮਾਰੀ ਨੂੰ ਸੱਚਾ ਪ੍ਰੇਮ ਕਰਦਾ ਹੈ, ਉਸ ਫੁੱਲ ਨੂੰ ਲੈ ਕੇ ਆ ਸਕਦਾ। ਰਾਜਾਂ ਨੂੰ ਆਪਣੇ ਪੂਰੇ ਕਰਮਾਂ ਤੇ ਅੱਤਿਆਚਾਰਾਂ ਦੇ ਕਰਕੇ ਰਾਜ ਜੋਤਸ਼ੀ ਵੱਲੋਂ ਦਿੱਤੇ ਗਏ ਸ਼ਰਾਪ ਦੀ ਯਾਦ ਆਉਂਦੀ ਹੈ। ਉਹ ਲੱਕੜਹਾਰੇ ਤੋਂ ਮਾਫੀ ਮੰਗਦੇ ਹਨ ਅਤੇ ਉਸ ਤੋਂ ਰਾਜਕੁਮਾਰੀ ਦੀ ਜਾਨ ਬਚਾਉਣ ਦੀ ਅਪੀਲ ਕਰਦੇ ਹਨ। ਲੱਕੜਹਾਰਾ ਉਹ ਫੁੱਲ ਲਿਆਉਣ ਵਿੱਚ ਸਫਲ ਹੁੰਦਾ ਹੈ ਅਤੇ ਰਾਜਕੁਮਾਰੀ ਦੀ ਜਾਨ ਬਚਾ ਲੈਂਦਾ ਹੈ। ਰਾਜਾ ਲੱਕੜਹਾਰੇ ਤੇ ਰਾਜਕੁਮਾਰੀ ਦਾ ਵਿਆਹ ਧੂਮ ਧਾਮ ਨਾਲ ਕਰਵਾਉਂਦੇ ਹਨ। ਲੱਕੜਹਾਰੇ ਨੂੰ ਰਾਜਾ ਦਾ ਅਹੁਦਾ ਸੌਂਪਦੇ ਹਨ ਅਤੇ ਖੁਦ ਜੰਗਲ ਚਲੇ ਜਾਂਦੇ ਹਨ। ਗੀਤ ਸੰਗੀਤ, ਡਾਇਲੋਗ, ਕਲਾਕਾਰੀ ਨਾਲ ਲਬਰੇਜ ਨਾਟਕ ਸੁਪਨਲੋਕ ਵਿੱਚ ਕਲਾਕਾਰਾਂ ਦੀ ਕਲਾ ਪ੍ਰਭਾਵਸ਼ਾਲੀ ਰਹੀ। ਸੰਗੀਤ ਨੇ ਚਾਰ ਚੰਨ ਲਗਾ ਦਿੱਤੇ। ਸਾਰੇ ਦਰਸ਼ਕਾਂ ਨੇ ਕਲਾਕਾਰਾਂ ਦੀ ਕਲਾ ਦੀ ਖੂਬ ਸ਼ਲਾਘਾ ਕੀਤੀ। ਅੱਜ ਹਾਲ ਦਰਸ਼ਕਾਂ ਨਾਲ ਖਚਾ ਖਚ ਭਰਿਆ ਰਿਹਾ। ਨਾਟਕ ਨੂੰ ਦੇਖਣ ਲਈ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਦੌਰਾਨ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਭਾਰਤ ਰੰਗ ਮਹੋਤਸਵ ਬਠਿੰਡਾ ਦੇ ਪ੍ਰਭਾਰੀ ਅਤੇ ਐਸੋਸੀਏਟ ਪ੍ਰੋਫੈਸਰ ਰਾਮਜੀ ਬਾਲੀ, ਨੀਰਜ ਕੁਮਾਰ, ਸ਼ਮਸ਼ਾਦ ਖਾਨ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਰੰਗਮੰਚ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਤੇ ਭਾਰੰਗਮ ਬਠਿੰਡਾ ਦੇ ਸਥਾਨਕ ਸੰਯੋਜਕ ਡਾਕਟਰ ਕੁਲਿਨ ਕੁਮਾਰ ਜੋਸ਼ੀ, ਨਾਟਕ ਮੰਚਨ ਦੇ ਟੈਕਨੀਕਲ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।।
ਅੱਜ ਨਾਟਕ ਮੰਚਨ ਤੋਂ ਬਾਅਦ ਸਮਾਪਨ ਸਮਾਰੋਹ ਵਿੱਚ ਇਸ ਨਾਟਕ ਉਤਸਵ ਦੇ ਇੰਚਾਰਜ ਰਾਮਜੀ ਬਾਲੀ ਨੇ ਆਪਣੇ ਸੰਬੋਧਨ ਵਿੱਚ ਸਾਰੇ ਨਾਟਕਾਂ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਅਤੇ ਭਾਰਤ ਰੰਗ ਮਹੋਤਸਵ ਵਰਗੇ ਪ੍ਰੋਗ੍ਰਾਮਾਂ ਬਾਰੇ ਦੱਸਿਆ। ਡਾਕਟਰ ਕੁਲਿਨ ਕੁਮਾਰ ਜੋਸ਼ੀ ਨੇ ਬਠਿੰਡਾ ਵਿੱਚ ਭਾਰਤ ਰੰਗ ਮਹੋਤਸਵ ਨੂੰ ਆਯੋਜਿਤ ਕੀਤੇ ਜਾਣ ਲਈ ਨੈਸਨਲ ਸਕੂਲ ਆਫ ਡਰਾਮਾ ਦੇ ਨਿਰਦੇਸ਼ਕ ਚਿਤਰੰਜਨ ਤ੍ਰਿਪਾਠੀ, ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਮਹਿਤਾ ਦੇ ਨਾਲ ਨਾਲ ਦਰਸ਼ਕਾਂ ਦਾ ਧੰਨਵਾਦ ਕੀਤਾ। ਸਮਾਪਨ ਸਮਾਰੋਹ ਵਿੱਚ ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਤੇ ਏਡੀਸੀ ਬਠਿੰਡਾ ਪੂਨਮ ਸਿੰਘ ਨੇ ਅਜਿਹੇ ਨਾਟਕਾਂ ਦੀ ਜਰੂਰਤ 'ਤੇ ਜੋਰ ਦਿੱਤਾ। ਅੰਤ ਵਿੱਚ ਇਸ ਨਾਟਕ ਉਤਸਵ ਦੀ ਵਿਵਸਥਾ ਵਿੱਚ ਸਹਿਯੋਗ ਕਰਨ ਵਾਲੇ ਸ਼ੇਖਰ ਪਰਸੋਇਆ, ਨੀਤੂ ਪਾਠਕ, ਸਰਵੇਸ ਮਣੀ, ਅਮਨ ਤਿਵਾੜੀ ਤੇ ਆਸ਼ੀਸ਼ ਦਿਵੇਦੀ ਦਾ ਸਨਮਾਨ ਕੀਤਾ ਗਿਆ। ਪ੍ਰੋਗ੍ਰਾਮ ਦਾ ਸੰਚਾਲਨ ਨੀਤੂ ਪਾਠਕ ਅਤੇ ਸਰਵੇਸ਼ ਮਣੀ ਵੱਲੋਂ ਕੀਤਾ ਗਿਆ।