Babushahi Special: ਬਠਿੰਡਾ ਦੇ ਸਰਕਾਰੀ ‘ਖਾਸ’ ਹੁਣ ਮੇਅਰ ਨੂੰ ਕਹਿਣ ਲੱਗੇ ਬੌਸ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ2025: ਕੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਹਾਕਮ ਧਿਰ ਦੀਆਂ ਅੰਦਰੂਨੀ ਸਫਾਂ ’ਚ ਮੋਹਰੀ ਮੰਨੇ ਜਾਂਦੇ ਅਮਰਜੀਤ ਮਹਿਤਾ ਦੇ ਪੁੱਤਰ ਤੇ ਨਗਰ ਨਿਗਮ ਬਠਿੰਡਾ ਦੇ ਨਵੇਂ ਬਣੇ ਮੇਅਰ ਪਦਮਜੀਤ ਮਹਿਤਾ ਨੂੰ ਨੂੰ ਹੁਣ ਪ੍ਰਸਾਸ਼ਨਿਕ ਹਲਕਿਆਂ ਵਿੱਚ ਜਿਆਦਾ ਤਵੱਜੋ ਦਿੱਤੀ ਜਾਣ ਲੱਗੀ ਹੈ। ਪਦਮਜੀਤ ਮਹਿਤਾ ਵੱਲੋਂ ਅਹੁਦਾ ਸੰਭਾਲਣ ਉਪਰੰਤ ਸ਼ਹਿਰ ਵਿੱਚ ਚੱਲ ਰਹੀਆਂ ਸਰਗਰਮੀਆਂ ਤੇ ਪੰਛੀ ਝਾਤ ਮਾਰੀਏ ਤਾਂ ਸਾਫ ਨਜ਼ਰ ਆਉਂਦਾ ਹੈ ਕਿ ਅਧਿਕਾਰੀਆਂ ਲਈ ਹੁਣ ਮੇਅਰ ਹਲਕਾ ਵਿਧਾਇਕ ਤੋਂ ਵੀ ਜਿਆਦਾ ਅਹਿਮ ਹੋ ਗਏ ਹਨ। ਦੋ ਦਿਨ ਪਹਿਲਾਂ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਵੱਖ ਵੱਖ ਮੁੱਦਿਆਂ ਨੂੰ ਲੈਕੇ ਮੇਅਰ ਪਦਮਜੀਤ ਮਹਿਤਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕੀਤੀ ਗਈ ਸਾਂਝੀ ਪ੍ਰੈਸ ਕਾਨਫਰੰਸ ਵੀ ਇਹੋ ਇਸ਼ਾਰਾ ਕਰਦੀ ਹੈ ਕਿ ਬਠਿੰਡਾ ਦੀ ਰਾਜਨੀਤੀ ’ਚ ਨੰਬਰਾਂ ਦਾ ਉਲਟ ਫੇਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਜਿਆਦਾਤਰ ਅਧਿਕਾਰੀ ਇਸ ਮੁੱਦੇ ਤੇ ਚੁੱਪ ਹਨ ਜਦੋਂਕਿ ਦੋ ਨੇ ਆਫ ਦਾ ਰਿਕਾਰਡ ਇਹ ਗੱਲ ਮੰਨੀ ਹੈ।
ਕ੍ਰਿਕਟ ਐਸੋਸੀੲਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਕਰਵਾਏ ਜਾ ਰਹੇ ਕੌਮਾਂਤਰੀ ਰੰਗ ਮੰਚ ਮੇਲੇ ’ਚ ਵੀ ਸਮੁੱਚਾ ਪ੍ਰਸ਼ਾਸ਼ਨ ਪੱਬਾਂ ਭਾਰ ਨਜ਼ਰ ਆ ਰਿਹਾ ਹੈ। ਨਾਟਕ ਮੇਲੇ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮ ਪਰੇ ਨੇ ਹਾਜ਼ਰੀ ਭਰੀ ਤਾਂ ਡੀਆਈਜੀ ਬਠਿੰਡਾ ਰੇਜ ਹਰਜੀਤ ਸਿੰਘ ਵੀ ਸ਼ਿਰਕਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਅਧਿਕਾਰੀ ਇਸ ਰੰਗ ਮੰਚ ਸਮਾਗਮ ’ਚ ਸ਼ਾਮਲ ਹੋਏ ਹਨ। ਮੇਅਰ ਪਦਮਜੀਤ ਮਹਿਤਾ ਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਸਰਕਾਰ ਆਪਣੀ ਹੋਣ ਕਰਕੇ ਜਲਦੀ ਹੀ ਕਈ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਸ਼ਹਿਰ ’ਚ ਕਈ ਤਬਦੀਲੀਆਂ ਆਉਣਗੀਆਂ। ਉਨ੍ਹਾਂ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਅਮਰਜੀਤ ਮਹਿਤਾ ਪੰਜਾਬ ਸਰਕਾਰ ਦੇ ਦਖਲ ਨਾਲ ਸ਼ਹਿਰ ਦੇ ਨਵੇਂ ਬੱਸ ਅੱਡੇ ਦਾ ਮਸਲਾ ਹੱਲ ਕਰਵਾਉਣ ਜਾ ਰਹੇ ਹਨ ਜਿਸ ’ਚ ਮੇਅਰ ਦੀ ਵੀ ਅਹਿਮ ਭੂਮਿਕਾ ਹੋਣੀ ਤੈਅ ਹੈ, ਬੱਸ ਸਹੀ ਵਕਤ ਦਾ ਇੰਤਜਾਰ ਕੀਤਾ ਜਾ ਰਿਹਾ ਹੈ।
ਇੰਨ੍ਹਾਂ ਤੱਥਾਂ ਦਾ ਨਿਬੇੜਾ ਕੀ ਹੁੰਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਸ਼ਹਿਰ ਦੇ ਕਈ ਪਤਵੰਤਿਆਂ ਨਾਲ ਗੱਲਬਾਤ ਦਾ ਇਹੋ ਸਾਰ ਤੱਤ ਹੈ ਕਿ ਹੁਣ ਸਿਆਸੀ ਅਤੇ ਸਰਕਾਰੀ ਹਵਾ ਦਾ ਰੁੱਖ ਮੇਅਰ ਵਾਲੇ ਪਾਸੇ ਦਿਖਾਈ ਹੈ।ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਵੀ ਇੰਨ੍ਹਾਂ ਤੱਥਾਂ ਦੀ ਪੁਸ਼ਟੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕੀਤੀ ਹੈ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਰਤਾ ਪਿਛੋਕੜ ’ਚ ਚੱਲਦੇ ਹਾਂ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਬਠਿੰਡਾ ਤੋਂ ਵਿਧਾਇਕ ਬਣਨ ਪਿੱਛੋਂ ਜਗਰੂਪ ਗਿੱਲ ਨੇ ਕੌਂਸਲਰ ਵਜੋਂ ਅਸਤੀਫਾ ਦੇ ਦਿੱਤਾ ਸੀ। ਇਸ ਵਾਰਡ ਦੀ ਜਿਮਨੀ ਚੋਣ ਦੇ ਐਲਾਨ ਮਗਰੋਂ ਵਿਧਾਇਕ ਨੇ ਅਕਾਲੀ ਆਗੂ ਬਲਵਿੰੰਦਰ ਸਿੰਘ ਬਿੰਦਰ ਦੇ ਪਾਰਟੀ ’ਚ ਸ਼ਾਮਲ ਕਰਵਾ ਲਿਆ ਅਤੇ ਸਿਫਾਰਸ਼ ਰਾਹੀਂ ਬਿੰਦਰ ਵਾਸਤੇ ਟਿਕਟ ਲੈ ਲਈ। ਇੱਕ ਦਿਨ ਬਾਅਦ ਪਾਰਟੀ ਨੇ ਬਿੰਦਰ ਦੀ ਟਿਕਟ ਕੱਟਕੇ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਲਿਆ ਜੋ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਹਨ।
ਇਸ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਖਫਾ ਹੋ ਗਏ ਅਤੇ ਉਨ੍ਹਾਂ ਨੇ ਪਦਮਜੀਤ ਮਹਿਤਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਜੋ ਚੋਣ ਪ੍ਰਚਾਰ ਦੌਰਾਨ ਵਾਰਡ ਦੀ ਹੱਟੀ ਭੱਠੀ ਤੇ ਨਜ਼ਰੀਂ ਪਿਆ। ਵਿਧਾਇਕ ਦੀ ਨਰਾਜ਼ਗੀ ਇਸ ਕਦਰ ਵਧ ਗਈ ਕਿ ਉਨ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਪਦਮਜੀਤ ਮਹਿਤਾ ਦੇ ਹੱਕ ’ਚ ਕੀਤੀ ਚੋਣ ਸਭਾ ਤੋਂ ਵੀ ਦੂਰੀ ਬਣਾਈ ਰੱਖੀ ਜਦੋਂਕਿ ਉਹ ਉਸ ਦਿਨ ਸ਼ਹਿਰ ਵਿੱਚ ਹੀ ਮੌਜੂਦ ਸਨ। ਵਿਧਾਇਕ ਦੀ ਮੁਖਾਲਫਤ ਦੇ ਬਾਵਜੂਦ ਪਦਮਜੀਤ ਮਹਿਤਾ ਨੇ ਵਿਧਾਇਕ ਦੇ ਵਾਰਡ ਚੋਂ ਰਿਕਾਰਡ ਕਾਇਮ ਕਰਨ ਵਾਲੀ ਜਿੱਤ ਪ੍ਰਾਪਤ ਕਰ ਲਈ। ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਬਲਕਿ ਮੇਅਰ ਦੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਪਦਮਜੀਤ ਮਹਿਤਾ ਕਾਂਗਰਸ ਦੇ ਬਾਗੀਆਂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਮਾਇਤੀ ਕੌਂਸਲਰਾਂ ਦੀ ਹਮਾਇਤ ਨਾਲ ਮੇਅਰ ਬਣ ਗਏ। ਇਸ ਮੌਕੇ ਵੀ ਵਿਧਾਇਕ ਆਪਣੀ ਪਾਰਟੀ ਨੂੰ ਵੋਟ ਪਾਉਣ ਦੀ ਥਾਂ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਵਿਧਾਇਕ ਨੇ ਗੱਲ ਲੁਕਾਈ ਨਹੀਂ ਬਲਕਿ ਮੀਡੀਆ ’ਚ ਇਹ ਗੱਲ ਨਸ਼ਰ ਵੀ ਕੀਤੀ । ਮੇਅਰ ਬਣਨ ਮਗਰੋਂ ਜਦੋਂ ਪਦਮਜੀਤ ਮਹਿਤਾ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਤਾਂ ਨਗਰ ਨਿਗਮ ਸਮੇਤ ਸਮੁੱਚਾ ਬਠਿੰਡਾ ਪ੍ਰਸ਼ਾਸਨ ਮੇਅਰ ਦੇ ਬਰਾਬਰ ਖਲੋਤਾ ਨਜ਼ਰ ਆਉਣ ਲੱਗਿਆ ਹੈ। ਇਹੋ ਕਾਰਨ ਹੈ ਕਿ ਸ਼ਹਿਰ ਵਿੱਚ ਇਸ ਗੱਲ ਨੂੰ ਲੈਕੇ ਭਾਂਤ ਭਾਂਤ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੋ ਗਿਆ ਹੈ ਕਿ ਕਿਧਰੇ ਬਠਿੰਡਾ ਦੇ ਮਾਮਲਿਆਂ ’ਚ ਮੇਅਰ ਪਦ੍ਰਜੀਤ ਮਹਿਤਾ ਅਤੇ ਮਹਿਤਾ ਪ੍ਰੀਵਾਰ ਦਾ ਨੰਬਰ ਪਹਿਲਾ ਤਾਂ ਨਹੀਂ ਹੋ ਗਿਆ ਹੈ । ਸ਼ਹਿਰ ਦੇ ਇੱਕ ਸਿਆਸੀ ਆਗੂ ਦਾ ਕਹਿਣਾ ਸੀ ਕਿ ਦੇਖਦੇ ਜਾਓ ਆਉਣ ਵਾਲੇ ਦਿਨਾਂ ਦੌਰਾਨ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਦੇ ਕੰਮ ਅਤੇ ਹੋਰ ਪ੍ਰੋਗਰਾਮ ਨਵੇਂ ਮੇਅਰ ਮੁਤਾਬਕ ਹੋਇਆ ਕਰਨਗੇ। ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਉਨ੍ਹਾਂ ਫੋਨ ਨਹੀਂ ਚੁੱਕਿਆ।