ਚੰਦ ਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੰਘਰਸ਼ ਦੀ ਬਦੌਲਤ ਸਾਰੇ ਮਜ਼ਦੂਰ ਬਿਨਾਂ ਸ਼ਰਤ ਜੇਲ੍ਹ ਚੋਂ ਹੋਏ ਰਿਹਾਅ
ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ: ਐਕਸ਼ਨ ਕਮੇਟੀ ਆਗੂ
ਦਲਜੀਤ ਕੌਰ
ਜੈਤੋ/ਫ਼ਰੀਦਕੋਟ,12 ਫ਼ਰਵਰੀ, 2025: ਵੱਖ ਵੱਖ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਧਾਰਿਤ ਚੰਦ ਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਲੜੇ ਸੰਘਰਸ਼ ਦੇ ਦਬਾਅ ਦੀ ਬਦੌਲਤ ਪੁਲਿਸ ਪ੍ਰਸ਼ਾਸਨ ਨੂੰ ਚੰਦ ਭਾਨ ਦੇ ਫ਼ਰੀਦਕੋਟ ਜੇਲ੍ਹ ਵਿੱਚ ਡੱਕੇ ਸਾਰੇ 41 ਮਜ਼ਦੂਰ ਮਰਦਾਂ ਔਰਤਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਲਈ ਮਜ਼ਬੂਰ ਹੋਣਾ ਪਿਆ, ਰਜੇਸ਼ ਕੁਮਾਰ ਜੈਤੋ ਥਾਣਾ ਮੁੱਖੀ ਨੂੰ ਲਾਈਨ ਹਾਜ਼ਰ ਕਰਨਾ ਪਿਆ ਅਤੇ ਮਜ਼ਦੂਰਾਂ ਉੱਪਰ ਜ਼ਬਰ ਕਰਨ ਤੇ ਗੋਲੀ ਚਲਾਉਣ ਵਾਲਿਆਂ ਖਿਲਾਫ਼ ਆਰਮਜ਼ ਐਕਟ ਤਹਿਤ ਦਰਜ ਕੇਸ ਵਿੱਚ ਰਸੂਖ਼ਵਾਨ ਗਮਦੂਰ ਸਿੰਘ ਪੱਪੂ ਵਗੈਰਾ ਨੂੰ ਨਾਮਜ਼ਦ ਕਰਦਿਆਂ ਇਸ ਕੇਸ ਵਿੱਚ ਇਰਾਦਾ ਕਤਲ ਤੇ ਐੱਸ ਸੀ ਐੱਸ ਟੀ ਐਕਟ ਦਾ ਵਾਧਾ ਜ਼ੁਰਮ ਕਰਨਾ ਪਿਆ। ਲੰਘੀ ਦੇਰ ਰਾਤ ਫ਼ਰੀਦਕੋਟ ਜੇਲ੍ਹ ਚੋਂ ਰਿਹਾਅ ਚੋਂ ਰਿਹਾਅ ਹੋ ਕੇ ਬਾਹਰ ਆਏ ਅਤੇ ਪਿੰਡ ਚੰਦ ਭਾਨ ਪੁੱਜਣ 'ਤੇ ਸਾਰੇ ਮਜ਼ਦੂਰਾਂ ਦੇ ਗਲਾਂ ਵਿੱਚ ਹਾਰ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ, ਗੁਰਤੇਜ ਸਿੰਘ ਹਰੀ ਨੌਂ, ਗੋਰਾ ਸਿੰਘ ਪਿਪਲੀ, ਗੁਰਪਾਲ ਸਿੰਘ ਨੰਗਲ, ਸਤਨਾਮ ਸਿੰਘ ਪੱਖੀ, ਲਛਮਣ ਸਿੰਘ ਸੇਵੇਵਾਲਾ, ਮੰਗਾ ਸਿੰਘ ਅਜ਼ਾਦ, ਸੁਖਪਾਲ ਸਿੰਘ ਖਿਆਲੀ ਵਾਲਾ, ਗੁਰਜੰਟ ਸਿੰਘ ਦਾਨ ਸਿੰਘ ਵਾਲਾ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਕਿਸਾਨ ਆਗੂ ਜਸਪਾਲ ਸਿੰਘ ਨੰਗਲ ਤੇ ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਸ਼ਾਮਲ ਸਨ। ਐਕਸ਼ਨ ਕਮੇਟੀ ਦੇ ਆਗੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਪਿੰਡ ਚੰਦ ਭਾਨ ਵਿਖੇ ਕੀਤੀ ਗਈ ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਚੰਦ ਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਐਕਸ਼ਨ ਕਮੇਟੀ ਦੇ ਆਗੂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਿਕੰਦਰ ਸਿੰਘ ਅਜਿੱਤਗਿੱਲ ਮਜ਼ਦੂਰ ਮੁਕਤੀ ਮੋਰਚਾ ਦੇ ਅਮੀ ਲਾਲ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੁਖਪਾਲ ਸਿੰਘ ਖ਼ਿਆਲੀ ਵਾਲਾ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਗੁਰਮੇਲ ਸਿੰਘ ਦਾਨ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਰਵਿੰਦਰ ਸਿੰਘ ਸੇਵੇਵਾਲਾ, ਬੀਕੇਯੂ ਏਕਤਾ ਉਗਰਾਹਾਂ ਦੇ ਜਸਪ੍ਰੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਚੰਦ ਨੰਦਗੜ੍ਹ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਚੰਦ ਭਾਨ ਦੀ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਕੀਤੇ ਸੰਘਰਸ਼ ਲਈ ਧੰਨਵਾਦ ਕੀਤਾ।
ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਬਾਕੀ ਮਨਵਾਈਆਂ ਮੰਗਾਂ ਨੂੰ ਇਤਿਹਾਸਕ ਜਿੱਤ ਕਰਾਰ ਦਿੱਤਾ ਅਤੇ ਰਹਿੰਦੀਆਂ ਮੰਗਾਂ ਉੱਪਰ ਅਮਲਦਾਰੀ ਕਰਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ।
ਉਨ੍ਹਾਂ ਮੰਗ ਕੀਤੀ ਕਿ ਸ਼ੈਲਰ ਮਾਲਕ ਗਮਦੂਰ ਸਿੰਘ ਪੱਪੂ ਵਗੈਰਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਦਰਜ ਕੇਸ ਵਿੱਚ ਸਾਜ਼ਿਸ਼ ਕਰਤਾ ਐੱਸ ਐੱਚ ਓ ਅਤੇ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਨੂੰ ਨਾਮਜ਼ਦ ਕੀਤਾ ਜਾਵੇ, ਐੱਸ ਐੱਚ ਓ ਰਾਜੇਸ਼ ਕੁਮਾਰ ਨੂੰ ਬਰਖ਼ਾਸਤ ਕੀਤਾ ਜਾਵੇ, ਵਿਵਾਦਤ ਨਾਲੀ ਦੇ ਮਸਲੇ ਨੂੰ ਤੁਰੰਤ ਮਜ਼ਦੂਰਾਂ ਦੀ ਇੱਛਾ ਮੁਤਾਬਕ ਹੱਲ ਕੀਤਾ ਜਾਵੇ ਅਤੇ ਜ਼ਖ਼ਮੀ ਮਜ਼ਦੂਰਾਂ ਦਾ ਸਰਕਾਰੀ ਪੱਧਰ 'ਤੇ ਇਲਾਜ ਕੀਤਾ ਜਾਵੇ ਅਤੇ ਮਜ਼ਦੂਰਾਂ ਦੇ ਘਰਾਂ,ਸਾਮਾਨ ਦੀ ਭੰਨਤੋੜ ਦੀ ਭਰਪਾਈ ਕੀਤੀ ਜਾਵੇ ਨਹੀਂ ਤਾਂ ਐਕਸ਼ਨ ਕਮੇਟੀ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਵੇਗੀ।