ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਨੇ ਐਮ ਐਲ ਏ ਜਗਰੂਪ ਸਿੰਘ ਗਿੱਲ ਦੇ ਪੀ ਏ ਨੂੰ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 13 ਫਰਵਰੀ 2025: ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਾਂਝਾ ਫਰੰਟ ਬਠਿੰਡਾ ਵੱਲੋਂ ਬਠਿੰਡਾ ਸ਼ਹਿਰੀ ਤੋਂ ਐਮ ਐਲ ਏ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਭਰਵਾਂ ਇਕੱਠ ਕਰਕੇ ਐਮ ਐਲ ਏ ਦੇ ਪੀ ਏ ਨੂੰ ਸਾਂਝਾ ਫਰੰਟ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਸਬੰਧੀ ਦਿੱਤਾ ਗਿਆ।ਇਸ ਸਮੇਂ ਸਾਂਝਾ ਫਰੰਟ ਬਠਿੰਡਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭੱਗ ਢਾਈ ਸਾਲ ਤੋਂ ਸਾਂਝੇ ਫਰੰਟ ਦੀਆਂ ਮੰਗਾਂ ਨੂੰ ਦਰ ਕਿਨਾਰ ਕੀਤਾ ਜਾ ਰਿਹਾ ਹੈ।
ਸੂਬਾ ਕਨਵੀਨਰ ਗਗਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ , ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ ਜਾ ਰਿਹਾ ,ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ,ਨਵ ਨਿਯੁਕਤ ਮੁਲਾਜ਼ਮਾਂ ਤੇ ਕੇਂਦਰ ਪੈਟਰਨ ਲਾਗੂ ਕੀਤਾ ਜਾ ਰਿਹਾ ਹੈ , ਕੱਟੇ ਹੋਏ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ ,ਡੀ ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਨਹੀਂ ਕੀਤਾ ਜਾ ਰਿਹਾ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਦਾ ਹੱਲ ਨਾ ਹੋਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਕਾਰਨ ਸਾਂਝਾ ਫਰੰਟ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 8 ਫ਼ਰਵਰੀ ਤੋਂ 20 ਫਰਵਰੀ ਤੱਕ ਸਾਰੇ ਪੰਜਾਬ ਦੇ ਐਮ ਐਲ ਏ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਬਜਟ ਸੈਸ਼ਨ ਦੌਰਾਨ ਮੁਹਾਲੀ ਵਿਖੇ ਵੱਡੇ ਇਕੱਠ ਕਰਕੇ ਮਾਰਚ ਵਿਧਾਨ ਸਭਾ ਵੱਲ ਕੀਤਾ ਜਾਵੇਗਾ।ਅੱਜ ਇਸ ਮੌਕੇ ਤੇ ਦਰਸ਼ਨ ਸਿੰਘ ਮੌੜ , ਸਿਕੰਦਰ ਸਿੰਘ ਧਾਲੀਵਾਲ , ਮਨਜੀਤ ਸਿੰਘ ਧੰਜਲ ,ਹਰਨੇਕ ਸਿੰਘ ਗਹਿਰੀ , ਗੁਰਤੇਜ ਸਿੰਘ ਗਿੱਲ ,ਕਿਸ਼ੋਰ ਚੰਦ ਗਾਜ਼ , ਪ੍ਰਿੰਸੀਪਲ ਰਣਜੀਤ ਸਿੰਘ , ਸੁਖਵਿੰਦਰ ਸਿੰਘ ਬਰਾੜ ,ਮਹਿੰਦਰਪਾਲ ,ਅਜੈਬ ਸਿੰਘ ਸੋਹਲ , ਕ੍ਰਿਸ਼ਨ ਸਿੰਘ ਜੰਗੀਰਾਣਾ , ਹਰਮਿੰਦਰ ਸਿੰਘ ਢਿੱਲੋਂ , ਭੁਪਿੰਦਰ ਸਿੰਘ ਬਾਹੀਆ , ਆਦਿ ਆਗੂਆਂ ਨੇ ਸੰਬੋਧਨ ਕੀਤਾ।