ਜ਼ਿਲ੍ਹਾ ਰੂਪਨਗਰ ਦੇ ਸਿਖਿਆਰਥੀਆ ਨੂੰ ਆਈ.ਬੀ.ਐਮ, ਮਾਈਕ੍ਰੋਸਾਫਟ ਅਤੇ ਨੈਸਕੋਮ ਵੱਲੋਂ ਦਿੱਤੀ ਜਾ ਰਹੀ ਆਧੁਨਿਕ ਸਮੇਂ ਦੀ ਸਿਖਲਾਈ
- ਪੰਜਾਬ ਹੁਨਰ ਵਿਕਾਸ ਮਿਸ਼ਨ ਯੋਜਨਾ ਅਧੀਨ ਟਰੇਨਿੰਗ ਲਈ ਰਜਿਸਟਰੇਸ਼ਨ ਸ਼ੁਰੂ
- ਇੰਡਸਟਰੀਸ ਆਪਣੀ ਲੋੜ ਅਨੁਸਾਰ ਤਿਆਰ ਕਰ ਸਕਦੀ ਹੈ ਮੈਨਪਾਵਰ
ਰੂਪਨਗਰ, 10 ਜਨਵਰੀ 2025: ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ ਵੱਲੋਂ ਅੱਜ ਜ਼ਿਲ੍ਹਾ ਕਾਰਜਕਾਰੀ ਸਕਿੱਲ ਕਮੇਟੀ, ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਰੀਵਿਊ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਦਾ ਰੀਵਿਊ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਆਈ.ਬੀ.ਐਮ, ਮਾਈਕਰੋਸਾਫਟ ਅਤੇ ਨੈਸਕੋਮ ਵਰਗੀਆ ਤਕਨੀਕੀ ਖੇਤਰ ਦੀਆਂ ਵਿਸ਼ਵ ਪ੍ਰਸਿੱਧ ਕੰਪਨੀਆ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਨੌਜਵਾਨਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਆਨਲਾਈਨ ਦਿੱਤੀ ਜਾ ਰਹੀ ਹੈ।
ਸਹਾਇਕ ਕਮਿਸ਼ਨਰ (ਜ) ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਜ਼ਿਲ੍ਹਾ ਰੂਪਨਗਰ ਦੇ ਸਿਖਿਆਰਥੀ ਵਿਸ਼ਵ ਪ੍ਰਸਿੱਧ ਕੰਪਨੀਆ ਵੱਲੋਂ ਮੁਫਤ ਵਿਚ ਟਰੇਨਿੰਗ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਪੰਜਾਬ ਹੁਨਰ ਵਿਕਾਸ ਯੋਜਨਾ ਸਬੰਧੀ ਦੱਸਦੇ ਹੋਏ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਕੀਮ ਦੇ ਅਧੀਨ ਸ਼ੁਰੂ ਹੋਣ ਵਾਲੇ ਸਟਿੱਲ ਫੋਟੋਗ੍ਰਾਫੀ ਦੇ ਕੋਰਸ ਵਿਚ ਰਜਿਸਟਰੇਸ਼ਨ ਕਰਵਾਈ ਜਾਵੇ। ਇਹ ਟਰੇਨਿੰਗ ਰੂਰਲ ਸਕਿੱਲ ਸੈਂਟਰ ਫੂਲਪੁਰ ਗਰੇਵਾਲ ਬਲਾਕ ਰੋਪੜ ਅਤੇ ਰੂਰਲ ਸਕਿੱਲ ਸੈਟਰ ਕਾਈਨੌਰ ਬਲਾਕ ਮੋਰਿੰਡਾ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਵੱਲੋਂ ਮੀਟਿੰਗ ਵਿੱਚ ਹਾਜ਼ਰ ਇੰਡਸਟਰੀਸ ਦੇ ਨੁਮਾਇੰਦਿਆ ਨੂੰ ਅਤੇ ਜ਼ਿਲ੍ਹੇ ਦੀਆਂ ਹੋਰ ਵੱਡੀਆ ਵੱਖ-ਵੱਖ ਇੰਡਸਟਰੀਸ ਨੂੰ ਨਿਰਦੇਸ਼ ਦਿੱਤੇ ਕਿ ਜੋ ਇੰਡਸਟਰੀਸ ਆਪਣੀ ਲੋੜ ਅਨੁਸਾਰ ਕਾਮੇ ਤਿਆਰ ਕਰਨਾ ਚਾਹੁੰਦੀ ਹੈ, ਉਨ੍ਹਾਂ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਟੈਂਡਰ ਫਲੋਟ ਕੀਤਾ ਗਿਆ ਹੈ। ਉਹ ਆਪਣੀ ਇੰਡਸਟਰੀਜ਼ ਵਿਚ ਟਰੇਨਿੰਗ ਸੈਂਟਰ ਖੋਲ੍ਹ ਕੇ ਆਪਣੀ ਲੋੜ ਅਨੁਸਾਰ ਕਾਮੇ ਤਿਆਰ ਕਰ ਸਕਦੇ ਹਨ ਅਤੇ ਸਰਕਾਰ ਤੋਂ ਫੰਡ ਪ੍ਰਾਪਤ ਕਰ ਸਕਦੇ ਹਨ।