ਟਰਾਲੀ ਬੈਕ ਕਰ ਰਿਹਾ ਸੀ ਪਿੱਛੋਂ ਆ ਵੱਜੀ ਕਾਰ, ਕਾਰ ਚਾਲਕ ਨੌਜਵਾਨ ਦੀ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ, 6 ਜਨਵਰੀ 2025 - ਬੀਤੀ ਦੇਰ ਰਾਤ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਬਰਿਆਰ ਨੇੜੇ ਇੱਕ ਕਾਰ ਦੀ ਅਚਾਨਕ ਗੰਨੇ ਨਾਲ ਭਰੀ ਟਰਾਲੀ ਨਾਲ ਟੱਕਰ ਹੋਣ ਕਾਰਨ ਕਾਰ ਸਵਾਰ ਦੀ ਮੌਤ ਹੋ ਗਈ।
ਘਟਨਾ ਸਥਲ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਇੱਕ ਕਿਸਾਨ ਪਨਿਆੜ ਸ਼ੂਗਰ ਮਿੱਲ ਤੇ ਗੰਨਾ ਖਾਲੀ ਕਰਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ਵਿੱਚ ਸ਼ਾਇਦ ਇੱਕ ਨਿੱਜੀ ਹੋਟਲ ਵਿਖੇ ਰੋਟੀ ਖਾਣ ਲਈ ਰੁਕਿਆ ਸੀ ਅਤੇ ਰੋਟੀ ਖਾ ਕੇ ਜਦੋਂ ਉਹ ਟਰਾਲੀ ਹੋਟਲ ਤੋਂ ਬੈਕ ਕਰ ਰਿਹਾ ਸੀ ਤਾਂ ਅਚਾਨਕ ਇੱਕ ਤੇਜ਼ ਰਫਤਾਰ ਕਾਰ ਟਰੈਕਟਰ ਟਰਾਲੀ ਨਾਲ ਟਕਰਾ ਗਈ। ਕਾਰ ਕਾਫੀ ਤੇਜ਼ ਰਫਤਾਰ ਹੋਵੇਗੀ ਕਿਉਂਕਿ ਦੁਰਘਟਨਾ ਵਿਚਕਾਰ ਦੇ ਪਰਖੱਚੇ ਉੱਡ ਗਏ ਦਿਖਾਈ ਦੇ ਰਹੇ ਹਨ ਅਤੇ ਕਾਰ ਵਿੱਚ ਸਵਾਰ ਵਿਅਕਤੀ ਦੀ ਵੀ ਮੌਤ ਹੋ ਗਈ।
ਪੁਲਿਸ ਮੁਤਾਬਕ ਮਿੱਤਰ ਕਾਰ ਚਾਲਕ ਦੀ ਪਹਿਚਾਨ ਮਨੀਸ਼ ਬਖਸ਼ੀ (40) ਵਾਸੀ ਦਸੂਹਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ਜੋ ਪ੍ਰਾਈਵੇਟ ਠੇਕੇਦਾਰੀ ਦਾ ਕੰਮ ਕਰਦਾ ਸੀ ਅਤੇ ਦੀਨਾਨਗਰ ਤੋਂ ਵਾਪਸ ਦਸੂਹਾ ਨੂੰ ਜਾ ਰਿਹਾ ਸੀ।ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤੀ ਗਈ ਹੈ ਅਤੇ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਜਦਕਿ ਟਰੈਕਟਰ ਟਰਾਲੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।