ਪਿਛਲੇ ਸਾਲ ਸੂਬੇ ਭਰ ਵਿੱਚ 2.58 ਕਰੋੜ ਤੋਂ ਵੱਧ ਲੋਕਾਂ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਕਰਵਾਇਆ ਇਲਾਜ : ਵਿਧਾਇਕ ਸ਼ੈਰੀ ਕਲਸੀ
ਆਮ ਆਦਮੀ ਕਲੀਨਿਕਾਂ ਵਿਖੇ ਮਰੀਜ਼ਾਂ ਲਈ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਕਿਸਮਾਂ ਦੇ ਡਾਇਗਨੌਸਟਿਕ ਟੈੱਸਟ ਮੁਫ਼ਤ ਉਪਲਬਧ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ, 06 ਜਨਵਰੀ - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕ੍ਰਾਤੀਕਾਰੀ ਸੁਧਾਰ ਕਰਦਿਆਂ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ। ਸਿਹਤ ਕ੍ਰਾਂਤੀ ਤਹਿਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋਈ ਹੈ ਅਤੇ ਲੋਕ ਆਪਣੇ ਘਰਾਂ ਦੇ ਨੇੜੇ ਹੀ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲੈ ਰਹੇ ਹਨ।
ਬੀਤੇ ਸਾਲ ਆਮ ਆਦਮੀ ਕਲੀਨਿਕਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਸਿਹਤ ਸੇਵਾਵਾਂ ਦਾ ਜਿਕਰ ਕਰਦਿਆਂ ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਸਾਲ 2024 ਦੌਰਾਨ 2.58 ਕਰੋੜ (1.08 ਕਰੋੜ ਪਹਿਲੀ ਵਾਰ ਆਉਣ ਵਾਲੇ ਮਰੀਜ਼/1.5 ਕਰੋੜ ਦੁਬਾਰਾ ਦਵਾਈ ਲੈਣ ਵਾਲੇ ਮਰੀਜ਼) ਲੋਕਾਂ ਨੇ ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਲਿਆ ਹੈ।
ਕਾਰਜਕਾਰੀ ਪ੍ਰਧਾਨ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 75ਵੇਂ ਸੁਤੰਤਰਤਾ ਦਿਵਸ ਮੌਕੇ 75 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਸਨ, ਜਿਸ ਨਾਲ ਇਹਨਾਂ ਕਲੀਨਿਕਾਂ ਦੀ ਕੁੱਲ ਗਿਣਤੀ ਹੁਣ 881 ਹੋ ਗਈ ਹੈ। ਇਨ੍ਹਾਂ 881 ਆਮ ਆਦਮੀ ਕਲੀਨਿਕ ਵਿੱਚੋਂ 316 ਸ਼ਹਿਰੀ ਖੇਤਰਾਂ ਵਿੱਚ ਜਦਕਿ 565 ਕਲੀਨਿਕ ਪੇਂਡੂ ਖੇਤਰਾਂ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ 881 ਆਮ ਆਦਮੀ ਕਲੀਨਿਕਾਂ ਵਿਚੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ 62 ਆਮ ਆਦਮੀ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸੇਵਾਵਾਂ ਦੇ ਰਹੇ ਹਨ।
ਸ੍ਰੀ ਸ਼ੈਰੀ ਕਲਸੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਖੇ ਮਰੀਜ਼ਾਂ ਲਈ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਕਿਸਮਾਂ ਦੇ ਡਾਇਗਨੌਸਟਿਕ ਟੈੱਸਟ ਮੁਫ਼ਤ ਉਪਲਬਧ ਹਨ। ਇਨ੍ਹਾਂ ਕਲੀਨਿਕਾਂ ਨੇ ਸੂਬੇ ਦੇ ਲੋਕਾਂ ਨੂੰ ਸਿਹਤ ਸੰਭਾਲ `ਤੇ ਆਉਣ ਵਾਲੇ ਖ਼ਰਚੇ ਨੂੰ 1200 ਕਰੋੜ ਰੁਪਏ ਤੱਕ ਘਟਾਉਣ ਵਿੱਚ ਯੋਗਦਾਨ ਪਾਇਆ ਹੈ।
ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ 3134 ਸਿਹਤ ਅਤੇ ਤੰਦਰੁਸਤੀ ਕੇਂਦਰ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਨਵਾਂ ਸਟਾਫ਼ ਭਾਵ ਕਮਿਊਨਿਟੀ ਹੈਲਥ ਅਫ਼ਸਰ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੈਕੰਡਰੀ ਸਿਹਤ ਸਹੂਲਤਾਂ ਵਿੱਚ ਜ਼ਰੂਰੀ ਦਵਾਈਆਂ ਦੀ ਸੂਚੀ (ਈ.ਡੀ.ਐੱਲ.) ਅਧੀਨ ਆਉਂਦੀਆਂ ਸਾਰੀਆਂ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜਨਵਰੀ 2024 ਵਿੱਚ ਫ਼ਰੀ ਡਰੱਗ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਸਥਾਨਕ ਪੱਧਰ `ਤੇ ਸਿਵਲ ਸਰਜਨਾਂ ਅਤੇ ਐੱਸ.ਐੱਮ.ਓਜ਼ ਨੂੰ ਈ.ਡੀ.ਐੱਲ. ਤੋਂ ਬਾਹਰ ਵਾਲੀਆਂ ਦਵਾਈਆਂ ਜਾਂ ਕਿਸੇ ਖ਼ਾਸ ਦਵਾਈਆਂ ਦੀ ਘਾਟ ਹੋਣ ਦੀ ਸੂਰਤ ਵਿੱਚ ਇਹਨਾਂ ਦੀ ਖ਼ਰੀਦ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਸਿਹਤ ਖੇਤਰ ਪੰਜਾਬ ਸਰਕਾਰ ਦਾ ਤਰਜੀਹੀ ਖੇਤਰ ਹੈ ਅਤੇ ਇਸ ਨਵੇਂ ਸਾਲ ਵਿੱਚ ਵੀ ਸਿਹਤ ਵਿਭਾਗ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਕੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ।