1 ਜਨਵਰੀ ਨੂੰ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲੇਗਾ ਅਲੌਕਿਕ ਨਜ਼ਾਰਾ
ਕੇਸਲੀਆ ਰੰਗ ਵਿੱਚ ਰੰਗਿਆ ਜਾਏਗਾ ਸਾਰਾ ਸ਼ਹਿਰ
ਰੋਹਿਤ ਗੁਪਤਾ
ਗੁਰਦਾਸਪੁਰ : ਪਿਛਲੇ ਸਾਲ ਅਯੋਧਿਆ ਵਿਖੇ ਸ੍ਰੀ ਰਾਮ ਮੰਦਿਰ ਵਿੱਚ ਮੂਰਤੀ ਸਥਾਪਨਾ ਮੌਕੇ ਗੁਰਦਾਸਪੁਰ ਵਿੱਚ ਵੀ 22 ਜਨਵਰੀ ਨੂੰ ਅਲੌਕਿਕ ਭਗਵਾ ਸ਼ੋਭਾ ਯਾਤਰਾ ਸਜਾਈ ਗਈ ਸੀ ਜਿਸ ਨਾਲ ਸਾਰਾ ਸ਼ਹਿਰ ਕੇਸਰਿਆ ਰੰਗ ਵਿੱਚ ਰੰਗਿਆ ਗਿਆ ਸੀ । ਹਰ ਦੁਕਾਨ ਅਤੇ ਘਰ ਦੇ ਚੁਬਾਰੇ ਤੇ ਭਗਵਾ ਝੰਡਾ ਲਹਿਰਾ ਰਿਹਾ ਸੀ। ਲਗਭਗ ਪੰਜ ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਵਿੱਚ ਇੰਝ ਲੱਗਦਾ ਸੀ ਕਿ ਸਾਰਾ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਉਮੜ ਪਏ ਹੋਣ ਅਤੇ ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਅਰੇ ਗੂੰਜ ਰਹੇ ਸੀ । ਸ਼ਹਿਰ ਨਿਵਾਸੀਆਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਵਿੱਚ ਜਗ੍ਹਾ ਜਗ੍ਹਾ ਫੁੱਲਾਂ ਦੀ ਵਰਖਾ ਤੇ ਭਾਰੀ ਆਤਿਸ਼ਬਾਜੀ ਵੀ ਕੀਤੀ ਗਈ ਸੀ ਜਿਸ ਤੋਂ ਉਤਸਾਹਿਤ ਹੋ ਕੇ ਸ਼ੋਭਾ ਯਾਤਰਾ ਸਜਾਉਣ ਵਾਲੇ ਸ੍ਰੀ ਸਨਾਤਨ ਜਾਗਰਨ ਮੰਚ ਨੇ ਹਰ ਸਾਲ ਇਸ ਦਿਨ ਸ਼ੋਭਾ ਯਾਤਰਾ ਸਜਾਉਣ ਦਾ ਐਲਾਨ ਕੀਤਾ ਸੀ।
ਆਪਣੇ ਐਲਾਨ ਅਨੁਸਾਰ ਸ਼੍ਰੀ ਸਨਾਤਨ ਮੰਚ ਵੱਲੋਂ ਇਸ ਵਾਰ 11 ਜਨਵਰੀ ਨੂੰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜਿਸ ਵਿੱਚ ਪਿਛਲੇ ਸਾਲ ਵਾਂਗ ਹੀ ਭਾਰੀ ਜਨ ਸਮੂਹ ਉਮੜਨ ਦੀ ਆਸ ਜਤਾਈ ਜਾ ਰਹੀ ਹੈ । ਇਸ ਦੇ ਲਈ ਵੱਖ-ਵੱਖ ਜਥੇਬੰਦੀਆਂ ਨੂੰ ਸੱਦਾ ਪੱਤਰ ਦੇਣ ਅਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਾਰ ਸ਼ੋਭਾ ਯਾਤਰਾ ਵਿੱਚ ਬੁਲੇਟ ਮੋਟਰਸਾਈਕਲ ਚਲਾਉਣ ਵਾਲੀਆਂ ਲੜਕੀਆਂ, ਦੁਰਗਿਆਨਾ ਤੀਰਥ ਅੰਮ੍ਰਿਤਸਰ ਤੋਂ ਆ ਰਹੇ ਬਜਰੰਗ ਬਲੀ ਦੇ ਸਵਰੂਪ ਅਤੇ ਅਯੋਧਿਆ ਧਾਮ ਤੋਂ ਆਈ ਭਗਵਾਨ ਸ਼੍ਰੀ ਰਾਮ ਦੀ ਵਿਸ਼ੇਸ਼ ਮੂਰਤੀ ਨਾਲ ਸੱਜੀ ਪਾਲਕੀ ਮੁੱਖ ਆਕਰਸ਼ਨ ਹੋਣਗੇ ।