ਉਪਕਾਰ ਸੋਸਾਇਟੀ ਨਵ ਜਨਮੀਆਂ ਧੀਆਂ ਦੀਆਂ ਲੋਹੜੀਆਂ ਸਮਾਜ ਸੇਵੀ ਸੰਸਥਾਵਾਂ ਨਾਲ੍ਹ ਰਲ੍ਹ ਕੇ ਮਨਾਏਗੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 6 ਜਨਵਰੀ,2025
ਸਾਡਾ ਸਮਾਜ ਹੌਲ੍ਹੀ ਹੌਲ੍ਹੀ ਧੀ-ਪੁੱਤਰ ਇੱਕ ਬਰਾਬਰ ਦੀ ਸੋਚ ਤੇ ਪਹੁੰਚ ਵੱਲ ਵੱਧ ਰਿਹਾ ਹੈ। ਇਸ ਉਤਸ਼ਾਹਜਨਕ ਮਾਹੌਲ ਵਿੱਚ ਉਪਕਾਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਵਲੋਂ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ੍ਹ ਰਲ੍ਹ ਕੇ ਲੋਹੜੀਆਂ ਪਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ । ਸਥਾਨਕ ਗਿਰਨ ਭਵਨ ਵਿਖੇ ਪ੍ਰਧਾਨ ਜੇ ਐਸ ਗਿੱਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉੱਕਤ ਫੈਸਲਾ ਲਿਆ ਗਿਆ। ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਸੋਸਾਇਟੀ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਪੀ.ਐਸ.ਟੀ.ਐਸ.ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ, ਸਾਧ ਸੰਗਤ ਸਿੰਬਲ੍ਹੀ ਤੇ ਚੰਨੀ ਰਿਜ਼ੌਰਟ ਰਾਹੋਂ ਵਲੋਂ ਬਣਾਏ ਲੋਹੜੀ ਪ੍ਰੋਗਰਾਮਾਂ ਵਿੱਚ ਭਾਗ ਲਵੇਗੀ। ਇਸ ਮੌਕੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਗਈ ਕਿ ਧੀ ਪੁੱਤਰ ਬਰਾਬਰ ਹਨ ਇਸ ਲਈ ਦੋਨਾਂ ਦੀਆਂ ਖੁਸ਼ੀਆਂ ਤੇ ਵਧਣ ਫੁੱਲਣ ਦੇ ਮੌਕਿਆਂ ਵਿੱਚ ਵੀ ਬਰਾਬਰਤਾ ਚਾਹੀਦੀ ਹੈ। ਇਸ ਸਾਲ ਪਿੰਡ ਲਧਾਣਾ ਉੱਚਾ, ਐਮਾਂ ਜੱਟਾਂ, ਪੱਦੀ ਮੱਠ, ਸਿੰਬਲ੍ਹੀ, ਪੱਦੀ ਪੋਸੀ, ਸੂਰਾਂਪੁਰ, ਪਠਲਾਵਾ, ਸੁੱਜੋਂ ਤੇ ਰਾਹੋਂ ਵਿਖੇ ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਈਆਂ ਜਾ ਰਹੀਆਂ ਹਨ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰ ਮੈਡਮ ਹਰਬੰਸ ਕੌਰ ਨੇ ਮੈਂਬਰਾਂ ਨੂੰ ਆਪਣੀ ਪੋਤੀ ਦੇ ਲੋਹੜੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ ਜਿਸ ਨੂੰ ਮੈਂਬਰਾਂ ਵਲੋਂ ਪ੍ਰਵਾਨ ਕੀਤਾ ਗਿਆ। ਮਾ.ਨਰਿੰਦਰ ਸਿੰਘ ਭਾਰਟਾ ਵਲੋਂ ਵਿਦਿਅਕ ਅਦਾਰਿਆਂ ਵਿੱਚ ਸੈਮੀਨਾਰ ਆਯੋਜਿਤ ਕਰਨ ਦੀ ਤਜਵੀਜ਼ ਸਰਵਸੰਮਤੀ ਨਾਲ੍ਹ ਪ੍ਰਵਾਨ ਕੀਤੀ ਗਈ। ਇੱਕ ਮਤੇ ਰਾਹੀਂ ਲੜਕੀਆਂ ਦੇ ਸਵੈ ਰੋਜ਼ਗਾਰ ਲਈ ਸਿਖਲਾਈ ਪ੍ਰੋਗਰਾਮ ਹਿੱਤ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਨਾਲ੍ਹ ਸਾਂਝੇ ਪ੍ਰੋਗਰਾਮ ਨੂੰ ਪ੍ਰਵਾਨ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਲਈ ਪੀ.ਐਸ.ਟੀ.ਐਸ.ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ, ਜੋਗਾ ਸਿੰਘ ਸਾਧੜਾ, ਜੀ ਐਸ ਤੂਰ, ਸੁਰਜੀਤ ਕੌਰ ਡੂਲਕੂ, ਡਾ ਅਜੇ ਬੱਗਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਵਲੋਂ ਸਿਖਲਾਈ ਪ੍ਰੋਗਰਾਮ ਲਈ ਸਿਲਾਈ ਮਸ਼ੀਨਾਂ ਦੇਣ ਲਈ ਧੰਨਵਾਦੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਜੇ ਐਸ ਗਿੱਦਾ, ਸੁਰਜੀਤ ਕੌਰ ਡੂਲਕੂ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਦੇਸ ਰਾਜ ਬਾਲੀ, ਮਾ.ਨਰਿੰਦਰ ਸਿੰਘ ਭਾਰਟਾ, ਜੋਗਾ ਸਿੰਘ ਸਾਧੜਾ, ਨਰਿੰਦਰਪਾਲ ਤੂਰ, ਡਾ.ਅਵਤਾਰ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਹਰਬੰਸ ਕੌਰ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਸ਼ਮਾ ਮਲਹੱਨ ਤੇ ਪਰਮਜੀਤ ਸਿੰਘ ਹਾਜਰ ਸਨ।