ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੋਹਲਾ ਸਾਹਿਬ ਵਿਖੇ ਸੰਨੀ ਉਬਰਾਏ ਕਲੀਨੀਕਲ ਲੈਬੋਰਟਰੀ ਦਾ ਉਦਘਾਟਨ
- ਸਿਰਫ ਲਾਗਤ ਦਰਾਂ 'ਤੇ ਟੈਸਟਾਂ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ-ਡਾ.ਐਸ.ਪੀ ਸਿੰਘ ਉਬਰਾਏ
- ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ਿਓਥਰੈਪੀ ਸੈਂਟਰ ਦੀ ਵੀ ਜਲਦ ਕੀਤੀ ਜਾਵੇਗੀ ਸ਼ੁਰੂਆਤ- ਡਾ.ਉਬਰਾਏ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,3 ਜਨਵਰੀ 2025 - ਬਿਨਾਂ ਕਿਸੇ ਤੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ ਆਪਣੀ ਜੇਬ 'ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ 'ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਖੋਲ੍ਹੇ ਜਾ ਰਹੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਟਰਾਂ ਦੀ ਲੜੀ ਤਹਿਤ ਪਿੰਡ ਚੋਹਲਾ ਵਿਖੇ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰ ਕਮੇਟੀ ਦੇ ਸਹਿਯੋਗ ਸਦਕਾ ਟਰੱਸਟ ਦੀ ਤਰਨਤਾਰਨ ਜ਼ਿਲ੍ਹੇ ਦੀ ਪੰਜਵੀਂ ਲੈਬ ਦਾ ਉਦਘਾਟਨ ਸ਼ੁੱਕਰਵਾਰ ਨੂੰ ਟਰੱਸਟ ਮੁੱਖੀ ਡਾ.ਐਸ ਪੀ.ਸਿੰਘ ਓਬਰਾਏ ਵੱਲੋਂ ਕੀਤਾ ਗਿਆ।ਰਿਟਾਇਰਡ ਡੀਆਈਜੀ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੀ ਸੁਸਾਇਟੀ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰ ਹਾਲ ਦੀ ਬਿਲਡਿੰਗ ਅੰਦਰ ਇਸ ਲੈਬਾਰਟਰੀ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਟਰੱਸਟ ਮੁੱਖੀ ਡਾ.ਓਬਰਾਏ ਨੇ ਦੱਸਿਆ ਕਿ ਬਾਬਾ ਸੁੱਚਾ ਸਿੰਘ ਯਾਦਗਾਰੀ ਕਮੇਟੀ ਵੱਲੋਂ ਤਿਆਰ ਕੀਤੀ।
ਇਸ ਇਮਾਰਤ ਅੰਦਰ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਲੈਬੋਰਟਰੀ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬੋਰਟਰੀ ਵਿੱਚ ਨਵੀਨਤਮ ਕੰਪਿਊਟਰ ਟੈਕਨੋਲੋਜੀ ਦੀਆਂ ਮਸ਼ੀਨਾਂ,ਤਜਰੁਬੇਕਾਰ ਸਟਾਫ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਇਸ ਇਮਾਰਤ ਅੰਦਰ ਬਹੁਤ ਜਲਦ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਸੈਂਟਰ ਵੀ ਸ਼ੁਰੂ ਕੀਤਾ ਜਾਵੇਗਾ।ਡਾਕਟਰ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ 'ਚ ਖੋਲ੍ਹੀਆਂ ਜਾ ਚੁੱਕੀਆ 150 ਦੇ ਕਰੀਬ ਲੈਬਾਰਟਰੀਆਂ ਅੰਦਰ ਹਰ ਮਹੀਨੇ ਲੱਗਭੱਗ ਹਜ਼ਾਰਾਂ ਲੋਕ ਕੇਵਲ ਲਾਗਤ ਦਰਾਂ ਤੇ ਆਪਣੇ ਟੈਸਟ ਕਰਵਾ ਰਹੇ ਹਨ। ਇਸ ਦੌਰਾਨ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰੀ ਕਮੇਟੀ ਦੇ ਵਾਈਸ ਪ੍ਰਧਾਨ ਜਥੇ.ਸਤਨਾਮ ਸਿੰਘ ਸੱਤਾ ਸਾਬਕਾ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,ਖਜ਼ਾਨਚੀ ਅਮਰੀਕ ਸਿੰਘ, ਜਰਨਲ ਸਕੱਤਰ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਸਮੇਤ ਸਮੂਹ ਮੈਂਬਰਾਂ ਨੇ ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਸਥਾਪਿਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਤੇ ਸਿਹਤ ਨਾਲ ਸੰਬੰਧਤ ਹੋਰਨਾਂ ਸੇਵਾਵਾਂ ਸਦਕਾ ਇਸ ਖੇਤਰ ਦੇ ਲੋਕਾਂ ਦੇ ਨਾਲ-ਨਾਲ ਸਮੁੱਚੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।ਸਮਾਗਮ ਦੇ ਅਖ਼ੀਰ ਵਿੱਚ ਪ੍ਰਬੰਧਕਾਂ ਵੱਲੋਂ ਡਾ. ਓਬਰਾਏ ਸਮੇਤ ਬਾਕੀ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਸਮਾਗਮ ਦੌਰਾਨ ਟਰੱਸਟ ਦੇ ਮੈਡੀਕਲ ਡਾਇਰੈਕਟਰ ਡਾਕਟਰ ਦਲਜੀਤ ਸਿੰਘ ਗਿੱਲ,ਪੰਜਾਬ ਪ੍ਰਧਾਨ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ,ਸੁਖਦੀਪ ਸਿੱਧੂ ਮਨਪ੍ਰੀਤ ਸੰਧੂ,ਨਵਜੀਤ ਘਈ,ਸਿਸ਼ਪਾਲ ਲਾਡੀ, ਗੁਰਪ੍ਰੀਤ ਸਿੰਘ ਪਨਗੋਟਾ,ਵਿਸ਼ਾਲ ਸੂਦ, ਦਿਲਬਾਗ ਸਿੰਘ,ਸੁਖਬੀਰ ਸਿੰਘ ਪੰਨੂ,ਅਵਤਾਰ ਸਿੰਘ ਗਿੱਲ,ਹਰਜੀਤ ਸਿੰਘ ਬਰਾੜ,ਨਵਦੀਪ ਸਿੰਘ,ਅਵਤਾਰ ਸਿੰਘ (ਕਮੇਟੀ ਮੈਂਬਰ) ਸੂਬੇਦਾਰ ਰਸ਼ਪਾਲ ਸਿੰਘ,ਹਰਦੀਪ ਸਿੰਘ,ਲਖਬੀਰ ਸਿੰਘ , ਸੁਰਜੀਤ ਸਿੰਘ ਧੁੰਨ ,ਹਰਜਿੰਦਰ ਸਿੰਘ ਸਰਪੰਚ,ਕੈਪਟਨ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।