ਡਿਪਟੀ ਕਮਿਸ਼ਨਰ ਵੱਲੋਂ ਐਸ.ਜੀ.ਪੀ.ਸੀ. ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ, ਦਾਅਵੇ ਤੇ ਇਤਰਾਜ਼ ਮੰਗੇ
- ਸਿੱਖ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਨੂੰ ਯੋਗ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਕੀਤੀ ਅਪੀਲ
- ਯੋਗ ਵੋਟਰ 24 ਜਨਵਰੀ ਤੱਕ ਕਰਵਾ ਸਕਦੇ ਨੇ ਰਜਿਸਟ੍ਰੇਸ਼ਨ ਫਾਰਮ ਜਮ੍ਹਾ
ਜਲੰਧਰ, 3 ਜਨਵਰੀ 2025: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਨਵੇਂ ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਡ੍ਰਾਫਟ ਸੂਚੀ 21 ਅਕਤੂਬਰ, 2023 ਤੋਂ 15 ਦਸੰਬਰ, 2024 ਦਰਮਿਆਨ ਚਲਾਈ ਗਈ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।
ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਵੋਟਰ 24 ਜਨਵਰੀ, 2025 ਤੱਕ ਡ੍ਰਾਫਟ ਸੂਚੀ ਬਾਰੇ ਦਾਅਵੇ ਅਤੇ ਇਤਰਾਜ਼ ਦਾਇਰ ਕਰ ਸਕਦੇ ਹਨ। ਸਬੰਧਤ ਰਿਵਾਈਜ਼ਿੰਗ ਅਥਾਰਟੀਆਂ ਵੱਲੋਂ 5 ਫਰਵਰੀ, 2025 ਤੱਕ ਇਨ੍ਹਾਂ ਦਾਅਵਿਆਂ ਤੇ ਇਤਰਾਜ਼ਾਂ ਦੀ ਸਮੀਖਿਆ ਅਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਪਲੀਮੈਂਟਰੀ ਸੂਚੀਆਂ ਦੇ ਖਰੜੇ ਨੂੰ 24 ਫਰਵਰੀ, 2025 ਤੱਕ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ 25 ਫਰਵਰੀ, 2025 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਡਾ. ਅਗਰਵਾਲ ਨੇ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਵਿੱਚ ਛੇ ਬੋਰਡ ਹਲਕਿਆਂ ਦੇ 365 ਪੋਲਿੰਗ ਸਟੇਸ਼ਨਾਂ ਦੇ 183,125 ਵੋਟਰ ਸ਼ਾਮਲ ਹਨ। ਇਨ੍ਹਾਂ ਵਿੱਚ ਫਿਲੌਰ (54 ਪੋਲਿੰਗ ਸਟੇਸ਼ਨ, 38,952 ਵੋਟਰ), ਨਕੋਦਰ (74 ਪੋਲਿੰਗ ਸਟੇਸ਼ਨ, 40,387 ਵੋਟਰ), ਸ਼ਾਹਕੋਟ (71 ਪੋਲਿੰਗ ਸਟੇਸ਼ਨ, 32,280 ਵੋਟਰ), ਆਦਮਪੁਰ (48 ਪੋਲਿੰਗ ਸਟੇਸ਼ਨ, 20,610 ਵੋਟਰ), ਜਲੰਧਰ ਸ਼ਹਿਰ (58 ਪੋਲਿੰਗ ਸਟੇਸ਼ਨ, 26,014 ਵੋਟਰ) ਅਤੇ ਕਰਤਾਰਪੁਰ (60 ਪੋਲਿੰਗ ਸਟੇਸ਼ਨ ਅਤੇ 24,882 ਵੋਟਰ) ਸ਼ਾਮਲ ਹਨ। ਐਸ.ਡੀ.ਐਮ. ਫਿਲੌਰ, ਸ਼ਾਹਕੋਟ ਅਤੇ ਨਕੋਦਰ ਨੂੰ ਕ੍ਰਮਵਾਰ ਫਿਲੌਰ, ਸ਼ਾਹਕੋਟ ਅਤੇ ਨਕੋਦਰ ਬੋਰਡ ਹਲਕਿਆਂ ਲਈ ਰਿਵਾਈਜ਼ਿੰਗ ਅਥਾਰਟੀ ਨਿਯੁਕਤ ਕੀਤਾ ਗਿਆ ਹੈ ਜਦਕਿ ਜੁਆਇੰਟ ਕਮਿਸ਼ਨਰ ਜਲੰਧਰ ਨਗਰ ਨਿਗਮ ਜਲੰਧਰ ਸ਼ਹਿਰ ਲਈ, ਐਸ.ਡੀ.ਐਮ.-1 ਆਦਮਪੁਰ ਲਈ, ਐਸ.ਡੀ.ਐਮ.-2 ਕਰਤਾਰਪੁਰ ਬੋਰਡ ਹਲਕੇ ਲਈ ਰਿਵਾਈਜ਼ਿੰਗ ਅਥਾਰਟੀ ਲਾਏ ਗਏ ਹਨ।
ਡਾ. ਅਗਰਵਾਲ ਨੇ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਰਜਿਸਟ੍ਰੇਸ਼ਨ ਮੁਹਿੰਮ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਯੋਗ ਵੋਟਰ 24 ਜਨਵਰੀ, 2025 ਤੱਕ ਆਪਣੇ ਰਜਿਸਟ੍ਰੇਸ਼ਨ ਫਾਰਮ ਜਮ੍ਹਾ ਕਰਵਾ ਸਕਦੇ ਹਨ, ਬਸ਼ਰਤੇ ਉਹ ਵੋਟ ਬਣਾਉਣ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।