MLA ਰੰਧਾਵਾ ਨੇ ਪਰੋ ਕਬੱਡੀ ਲੀਗ 2024 ਦੇ ਜੇਤੂ ਟੀਮ ਦੇ ਕੋਚ ਮਨਪ੍ਰੀਤ ਸਿੰਘ ਮਾਨਾ ਦਾ ਕੀਤਾ ਸਨਮਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਜਨਵਰੀ 2025: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਹਲਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਰੰਧਾਵਾ ਫਾਰਮ ਤੇ ਪਰੋ ਕਬੱਡੀ ਲੀਗ 2024 ਵਿੱਚ ਹਰਿਆਣਾ ਸਟੀਲਰਜ਼ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਪਿੰਡ ਮੀਰਪੁਰਾ (ਲਾਲੜੂ ) ਨਾਲ ਸਬੰਧਤ ਹਰਿਆਣਾ ਸਟੀਲਰਜ਼ ਟੀਮ ਦੇ ਕੋਚ ਮਨਪ੍ਰੀਤ ਸਿੰਘ ਮਾਨਾ ਨੂੰ ਸਨਮਾਨਿਤ ਕੀਤਾ ਗਿਆ। ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਧਾਇਕ ਰੰਧਾਵਾ ਨੇ ਕੋਚ ਮਨਪ੍ਰੀਤ ਸਿੰਘ ਨੂੰ ਲੀਗ ਦਾ ਸਰਵਉੱਚ ਕੋਚ ਐਵਾਰਡ ਜਿੱਤਣ 'ਤੇ ਵਧਾਈ ਦਿੱਤੀ। ਮਨਪ੍ਰੀਤ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ 'ਚ ਆਇਲ ਐਂਡ ਨੈਚੁਰਲ ਗੈੱਸ (ਓਐੱਨਜੀਸੀ) ਮਹਿਕਮੇ 'ਚ ਤਾਇਨਾਤ ਹਨ।
ਮਨਪ੍ਰੀਤ ਸਿੰਘ ਨੇ ਦੱਖਣੀ ਕੋਰੀਆ ਦੇ ਸ਼ਹਿਰ ਬੂਸਾਨ 'ਚ ਖੇਡੇ ਗਏ 2002 ਏਸ਼ੀਅਨ ਗੇਮਜ਼ ਐਡੀਸ਼ਨ 'ਚ ਗੋਲਡ ਮੈਡਲ ਜਿੱਤਣ ਵਾਲੀ ਨੈਸ਼ਨਲ ਸਟਾਈਲ ਕਬੱਡੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਐਵਾਰਡ, ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ, ਵਿਸ਼ਵ ਕੱਪ ਵਿੱਚ ਗੋਲਡ ਮੈਡਲ, ਪਰੋ ਕਬੱਡੀ ਸੀਜਨ 11 ਦੀ ਜੇਤੂ ਹਰਿਆਣਾ ਸਟੀਲਰ ਦੇ ਸਰਵੋਤਮ ਕੋਚ ਪੁਰਸਕਾਰ ਪ੍ਰਾਪਤ ਹੈ। ਸ. ਰੰਧਾਵਾ ਨੇ ਦੱਸਿਆ ਕਿ ਲਾਲੜੂ ਨੇੜਲੇ ਪਿੰਡ ਮੀਰਪੁਰਾ 'ਚ ਸ. ਪਾਖਰ ਸਿੰਘ ਦੇ ਗ੍ਰਹਿ ਵਿਖੇ ਜਨਮੇ ਮਨਪ੍ਰੀਤ ਸਿੰਘ ਨੇ ਕਤਰ-2006 ਦੀਆਂ ਏਸ਼ੀਅਨ ਖੇਡਾਂ 'ਚ ਦੂਜਾ ਮੈਡਲ ਆਪਣੇ ਨਾਂ ਕੀਤਾ ਸੀ ਤੇ ਸ੍ਰੀਲੰਕਾ ਦੇ ਸ਼ਹਿਰ ਕੋਲੰਬੋ-2000 ਦੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਜੇਤੂ ਟੀਮ ਦੀ ਪ੍ਰਤੀਨਿਧਤਾ ਕੀਤੀ ਸੀ। 2004 'ਚ ਮੁੰਬਈ 'ਚ ਖੇਡੇ ਗਏ ਵਿਸ਼ਵ ਕਬੱਡੀ ਕੱਪ 'ਚ ਆਲਮੀ ਕਬੱਡੀ ਕੱਪ ਜੇਤੂ ਟੀਮ ਦੀ ਨੁਮਾਇੰਦਗੀ ਵੀ ਕੀਤੀ ਸੀ ।
ਉਸ ਨੂੰ ਦੋ ਵਾਰ ਗੋਲਡ ਅਤੇ ਇਕ-ਇਕ ਵਾਰ ਸਿਲਵਰ ਤੇ ਤਾਂਬੇ ਦਾ ਤਗਮੇ 'ਤੇ ਕਬਜ਼ਾ ਕਰਨ ਵਾਲੀ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਲ ਹੈ। ਇਸ ਮੌਕੇ ਵਿਧਾਇਕ ਰੰਧਾਵਾ ਨੇ ਮਨਪ੍ਰੀਤ ਸਿੰਘ ਮਾਨਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹਲਕਾ ਡੇਰਾਬੱਸੀ ਲਈ ਮਾਣ ਵਾਲੀ ਗੱਲ ਹੈ। ਵਿਧਾਇਕ ਰੰਧਾਵਾ ਨੇ ਕੋਚ ਮਨਪ੍ਰੀਤ ਸਿੰਘ ਦੀ ਦੇਖਰੇਖ ਵਿੱਚ ਟੀਮ ਦੀ ਸਖ਼ਤ ਮਿਹਨਤ ਅਤੇ ਲਗਨ ਲਈ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਹਰਿਆਣਾ ਸਟੀਲਰਜ਼ ਅਤੇ ਉਨ੍ਹਾਂ ਦੇ ਕੋਚ ਮਨਪ੍ਰੀਤ ਸਿੰਘ ਮਾਨਾ 'ਤੇ ਬਹੁਤ ਮਾਣ ਹੈ। ਉਨ੍ਹਾਂ ਦਾ ਸਰਵੋਤਮ ਕੋਚ ਦਾ ਸਨਮਾਨ ਸਾਡੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਸਮਰੱਥਾ ਦਾ ਪ੍ਰਮਾਣ ਹੈ।"
ਰੰਧਾਵਾ ਨੇ ਕਿਹਾ ਕਿ ਪਿੰਡ ਮੀਰਪੁਰਾ ਲਾਲੜੂ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਮਾਨਾ ਨੇ ਨਾ ਸਿਰਫ਼ ਆਪਣੇ ਪਿੰਡ ਦਾ ਸਗੋਂ ਪੂਰੇ ਹਲਕਾ ਡੇਰਾਬੱਸੀ ਦਾ ਨਾਂ ਰੌਸ਼ਨ ਕੀਤਾ ਹੈ। ਪਰੋ ਕਬੱਡੀ ਲੀਗ 2024 ਵਿੱਚ ਹਰਿਆਣਾ ਸਟੀਲਰਜ਼ ਦੀ ਸਫਲਤਾ ਵਿੱਚ ਬਤੌਰ ਕੋਚ ਮਨਪ੍ਰੀਤ ਸਿੰਘ ਮੁਹਾਰਤ ਅਤੇ ਲੀਡਰਸ਼ਿਪ ਦੇ ਹੁਨਰ ਦਾ ਅਹਿਮ ਯੋਗਦਾਨ ਰਿਹਾ ਹੈ। ਮਨਪ੍ਰੀਤ ਸਿੰਘ ਨੇ ਵਿਧਾਇਕ ਰੰਧਾਵਾ ਦਾ ਉਨ੍ਹਾਂ ਦੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ।