ਦੋ ਹਿੱਸਿਆਂ ’ਚ ਵੰਡਿਆ ਕਿਸਾਨ ਅੰਦੋਲਨ, 4 ਜਨਵਰੀ ਨੂੰ ਹੋਣਗੀਆਂ ਦੋ ਮਹਾਂਪੰਚਾਇਤਾਂ, 9 ਜਨਵਰੀ ਨੂੰ ਵੀ ਹੋਵੇਗੀ ਮਹਾਂਪੰਚਾਇਤ
ਲੁਧਿਆਣਾ, 3 ਜਨਵਰੀ, 2025: ਦੋ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਚਲਾਏ ਜਾ ਰਹੇ ਕਿਸਾਨ ਮੋਰਚੇ ਦੇ ਮਾਮਲੇ ’ਤੇ ਕਿਸਾਨ ਜਥੇਬੰਦੀਆਂ ਦੋ ਹਿੱਸਿਆਂ ਵਿਚ ਵੰਡੀਆਂ ਗਈਆਂ ਹਨ। ਜਿਥੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਸਾਥੀ ਸਰਵਣ ਸਿੰਘ ਪੰਧੇਰ ਨੇ 4 ਜਨਵਰੀ ਨੂੰ ਖਨੌਰੀ ਵਿਖੇ ਮਹਾਂਪੰਚਾਇਤ ਸੱਦੀ ਹੈ ਤਾਂ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ 4 ਜਨਵਰੀ ਨੂੰ ਹਰਿਆਣਾ ਦੇ ਟੋਹਾਣਾ ਵਿਚ ਮਹਾਂ ਪੰਚਾਇਤ ਸੱਦ ਲਈ ਹੈ। ਇੰਨਾ ਹੀ ਨਹੀਂ ਸੰਯੁਕਤ ਕਿਸਾਨ ਮੋਰਚੇ ਨੇ 9 ਜਨਵਰੀ ਨੂੰ ਮੋਗਾ ਵਿਚ ਵੀ ਕਿਸਾਨ ਮਹਾਂ ਪੰਚਾਇਤ ਸੱਦ ਲਈ ਹੈ।
ਇਸ ਤਰੀਕੇ ਕਿਸਾਨ ਅੰਦੋਲਨ ਦੋ ਹਿੱਸਿਆਂ ਵਿਚ ਵੰਡਿਆ ਨਜ਼ਰ ਆ ਰਿਹਾ ਹੈ।
ਯਾਦ ਰਹੇ ਕਿ ਸ਼ੰਭੂ ਤੇ ਖਨੌਰੀ ਵਿਖੇ ਜੋ ਅੰਦੋਲਨ ਚਲ ਰਿਹਾ ਹੈ ਉਹ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਸਰਵਣ ਸਿੰਘ ਪੰਧੇਰ ਤੇ ਭਾਰਤੀ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਚਲਾ ਰਹੇ ਹਨ ਜਦੋਂ ਕਿ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਸਿਆਸੀ) ਦੀਆਂ 30 ਦੇ ਕਰੀਬ ਜਥੇਬੰਦੀਆਂ ਇਹਨਾਂ ਨਾਲ ਸਹਿਮਤ ਨਹੀਂ ਹਨ ਤੇ ਵੱਖਰੇ ਰਾਹ ਚਲ ਰਹੀਆਂ ਹਨ।