ਹਜ਼ਾਰਾਂ ਲੋਕਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਨਿੱਘੀ ਸ਼ਰਧਾਂਜਲੀ: ਪਰਿਵਾਰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਹਮੇਸ਼ਾ ਰਿਣੀ ਰਹੇਗਾ: ਉਪਿੰਦਰ ਕੌਰ
- ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਹਾਜ਼ਰੀ ਲੁਆ ਕੇ ਭੇਂਟ ਕੀਤੀ ਸ਼ਰਧਾਂਜਲੀ
- ਦਿੱਲੀ ਗੁਰਦੁਆਰਾ ਕਮੇਟੀ ਨੇ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਲਏ ਅਨੇਕਾਂ ਫੈਸਲੇ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 3 ਜਨਵਰੀ 2025: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਤੇ ਹਜ਼ਾਰਾਂ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਸਮਾਗਮ ਵਿਚ ਪਰਿਵਾਰ ਨੇ ਬੁਲਾਰਿਆਂ ਨੂੰ ਡਾ. ਮਨਮੋਹਨ ਸਿੰਘ ਦਾ ਮਹਿਮਾ ਗਾਨ ਕਰਨ ਤੋਂ ਰੋਕਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਦਾ ਕੰਮ ਆਪ ਬੋਲਦਾ ਹੈ ਜਿਸਦੀ ਸ਼ਲਾਘਾ ਅਮਰੀਕੀ, ਫਰਾਂਸ, ਇੰਗਲੈਂਡ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਆਪ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਸਮਾਗਮ ਵਿਚ ਡਾ. ਮਨਮੋਹਨ ਸਿੰਘ ਦੀ ਸਭ ਤੋਂ ਵੱਡੀ ਧੀ ਡਾ. ਉਪਿੰਦਰ ਕੌਰ ਨੇ ਆਈ ਸੰਗਤ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਵੱਲੋਂ ਕੀਤੇ ਰਸਭਿੰਨੇ ਕੀਰਤਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪੜ੍ਹੇ ਆਖ਼ਰੀ ਸ਼ਬਦ ਨੇ ਡਾ. ਮਨਮੋਹਨ ਸਿੰਘ ਦੇ ਮਾਤਾ ਅੰਮ੍ਰਿਤ ਕੌਰ ਤੇ ਪਿਤਾ ਗੁਰਮੁੱਖ ਸਿੰਘ ਦੀ ਯਾਦ ਦੁਆ ਦਿੱਤੀ ਹੈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਮਾਣ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਭਰ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਇਸ ਸਮਾਗਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਅਨੇਕਾਂ ਫੈਸਲੇ ਲਏ ਹਨ ਜਿਹਨਾਂ ਦੇ ਮਤੇ ਪਾਸ ਕੀਤੇ ਹਨ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਨੇ ਮਤਾ ਪਾਸ ਕੀਤਾ ਹੈ ਕਿ ਜਿਸ ਸ਼ਖਸੀਅਤ ਨੇ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ, ਕਮੇਟੀ ਦੇ ਚਾਰਾਂ ਕਾਲਜਾਂ ਵਿਚ ਇਕਨਾਮਿਕਸ ਦੇ ਵਿਸ਼ੇ ’ਤੇ ਡਾ. ਮਨਮੋਹ ਸਿੰਘ ਦੇ ਨਾਂ ’ਤੇ ਸਕਾਲਰਸ਼ਿਪ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਕਮੇਟੀ ਵੱਲੋਂ ਜਿਹੜਾ ਵੀ ਨਵਾਂ ਵਿਦਿਅਕ ਅਦਾਰਾ ਖੋਲ੍ਹਿਆ ਜਾਵੇਗਾ ਉਹ ਡਾਕਟਰ ਮਨਮੋਹਨ ਸਿੰਘ ਦੇ ਨਾਂ ’ਤੇ ਖੋਲ੍ਹਿਆ ਜਾਵੇਗਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਸਾਰੀਆਂ ਸੰਸਥਾਵਾਂ ਵਿਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਹਰ ਸਾਲ 26 ਦਸੰਬਰ ਨੂੰ ਪੰਥਕ ਤੌਰ ’ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਾ. ਮਨਮੋਹਨ ਸਿੰਘ ਦੀ ਯਾਦ ਮਨਾਈ ਜਾਵੇਗੀ।
ਇਸ ਸ਼ਰਧਾਂਜਲੀ ਸਮਾਗਮ ਵਿਚ ਅੰਤਿਮ ਅਰਦਾਸ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਕੀਤੀ।
ਸਮਾਗਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਨੇ ਡਾ. ਮਨਮੋਹਨ ਸਿੰਘ ਦੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਨੂੰ ਸਿਰੋਪਾਓ ਭੇਂਟ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਵੀ ਬੀਬੀ ਗੁਰਸ਼ਰਨ ਕੌਰ ਨੂੰ ਸਿਰੋਪਾਓ ਭੇਂਟ ਕੀਤਾ। ਸਮਾਗਮ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਵੀ ਸ਼ੋਕ ਸੰਦੇਸ਼ ਭੇਜੇ ਗਏ।
ਸਮਾਗਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ, ਮੈਂਬਰ ਤੇ ਸਾਬਕਾ ਮੈਂਬਰ, ਕਾਂਗਰਸੀ ਆਗੂ ਸੋਨੀਆ ਗਾਂਧੀ, ਰਾਜ ਸਭਾ ਵਿਚ ਵਿਰੋਧੀ ਧਿਰ ਨੇਤਾ ਮਲਿਕਅਰਜੁਨ ਖੜਗੇ, ਯੋਜਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਮੋਨਟੇਕ ਸਿੰਘ ਆਹਲੂਵਾਲੀਆ,ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ, ਪੰਜਾਬ ਕਾਂਗਰਸ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਸਮੇਤ ਵੱਡੀ ਗਿਣਤੀ ਵਿਚ ਸਿਆਸੀ, ਧਾਰਮਕਿ, ਸਮਾਜਿਕ, ਵਿਦਿਅਕ ਤੇ ਹੋਰ ਖੇਤਰਾਂ ਆਗੂ ਤੇ ਆਮ ਲੋਕ ਹਾਜ਼ਰ ਸਨ।