ਪੰਜਾਬ ਸਰਕਾਰ ਨੇ ਨਾਗਰਿਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਵਿੱਚ ਸਥਿਤ ਸਿਵਲ ਸਕੱਤਰੇਤ-1 ਅਤੇ 2 ਲਈ ਈ-ਪਾਸ ਸੇਵਾ ਸ਼ੁਰੂ ਕੀਤੀ- ਚੇਅਰਮੈਨ ਬਲਬੀਰ ਸਿੰਘ ਪਨੂੰ
ਰੋਹਿਤ ਗੁਪਤਾ
ਫਤਿਹਗੜ੍ਹ ਚੂੜੀਆਂ (ਬਟਾਲਾ), 28 ਦਸੰਬਰ 2024- ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਨੇ ਦੱਸਿਆ ਕਿ ਨਾਗਰਿਕਾਂ ਦੀ ਸਹੂਲਤ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਲਈ ਈ-ਪਾਸ ਸੇਵਾ ਸ਼ੁਰੂ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਿਜ਼ਟਰ ਪਾਸ ਲਈ ਲਾਈਨਾਂ ਵਿੱਚ ਨਾ ਖੜ੍ਹਨਾ ਪਵੇ।
ਚੇਅਰਮੈਨ ਪਨੂੰ ਨੇ ਦੱਸਿਆ ਕਿ ਇਸ ਕਦਮ ਨਾਲ ਵਿਜ਼ਟਰ ਪਾਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਤੇ ਆਸਾਨ ਬਣਾਇਆ ਗਿਆ ਹੈ ਤਾਂ ਜੋ ਕੰਮ ਲਈ ਆਉਣ ਵਾਲੇ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਨੂੰ ਪਾਸ ਬਣਾਉਣ ਲਈ ਉਡੀਕ ਨਾ ਕਰਨੀ ਪਵੇ।
ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਤਿਆਰ ਕੀਤੀ ਗਈ ਈ-ਪਾਸ ਪ੍ਰਣਾਲੀ ਨਾਗਰਿਕਾਂ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ ਲਈ ਵੀ ਕੰਮ ਨੂੰ ਸੌਖਾ ਕਰੇਗੀ।
ਇਸ ਨਵੀਂ ਪ੍ਰਣਾਲੀ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਨਾਗਰਿਕ ਅਤੇ ਸਰਕਾਰੀ ਅਧਿਕਾਰੀ ਕੁਨੈਕਟ ਪੋਰਟਲ connect.punjab.gov.in ਰਾਹੀਂ ਜਾਂ P3S-1 ਅਤੇ P3S-2 ਦੇ ਰਿਸੈਪਸ਼ਨ ਕਾਊਂਟਰ ’ਤੇ ਸੁਵਿਧਾਜਨਕ ਤੌਰ ’ਤੇ ਵਿਜ਼ਟਰ ਪਾਸਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਹੁਣ ਬਿਨੈਕਾਰ ਆਪਣੀਆਂ ਅਰਜ਼ੀਆਂ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਏ.ਡੀ.ਓ. ਸ਼ਾਖਾ ਵੱਲੋਂ ਦਿੱਤੀਆਂ ਗਈਆਂ ਲਾਗਇਨ ਆਈ.ਡੀਜ਼. ਦੀ ਵਰਤੋਂ ਕਰਕੇ ਪਾਸ ਲਈ ਆਈਆਂ ਬੇਨਤੀਆਂ ਨੂੰ ਸਬੰਧਤ ਵਿਭਾਗ ਮਨਜ਼ੂਰ ਜਾਂ ਅਸਵੀਕਾਰ ਕਰ ਸਕਦੇ ਹਨ। ਪ੍ਰਵਾਨਿਤ ਪਾਸ ਸਿੱਧੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਐਸ.ਐਮ.ਐਸ. ਜਾਂ ਵਟਸਐਪ ਰਾਹੀਂ ਭੇਜੇ ਜਾਣਗੇ। ਸਕੱਤਰੇਤ ਪਹੁੰਚਣ ’ਤੇ ਸੁਰੱਖਿਆ ਅਧਿਕਾਰੀਆਂ ਨੂੰ ਤਸਦੀਕ ਲਈ ਵਿਜ਼ਟਰ ਆਪਣਾ ਆਨਲਾਈਨ ਕਿਊ. ਆਰ. ਕੋਡ ਆਪਣੇ ਆਈ.ਡੀ. ਪਰੂਫ਼ ਸਮੇਤ ਪੇਸ਼ ਕਰਨਗੇ।