ਮਾਛੀਵਾੜਾ ਪੁਲਸ ਵਲੋਂ ਰਾਹਗੀਰਾਂ ਤੋਂ ਮੋਬਾਇਲ ਤੇ ਨਕਦੀ ਖੋਹਣ ਵਾਲੇ 3 ਕਾਬੂ
ਰਵਿੰਦਰ ਢਿੱਲੋਂ
ਖੰਨਾ, 28 ਦਸੰਬਰ 2024- ਮਾਛੀਵਾਡ਼ਾ ਪੁਲਸ ਵਲੋਂ ਰਾਹਗੀਰਾਂ ਤੋਂ ਮੋਬਾਇਲ ਅਤੇ ਨਕਦੀ ਖੋਹਣ ਦੇ ਮਾਮਲੇ ਵਿਚ 3 ਨੌਜਵਾਨ ਅਮਨਪ੍ਰੀਤ ਸਿੰਘ, ਜਸਵੀਰ ਰਾਮ ਵਾਸੀ ਮਾਛੀਵਾਡ਼ਾ ਅਤੇ ਲਵਪ੍ਰੀਤ ਸਿੰਘ ਗਡ਼੍ਹੀ ਬੇਟ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਬੁਰਜ ਕੱਚਾ ਆਪਣੇ ਖੇਤਾਂ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਤੋਂ ਮੋਬਾਇਲ ਅਤੇ 1 ਹਜ਼ਾਰ ਰੁਪਏ ਨਕਦੀ ਖੋਹ ਲਈ। ਪੁਲਸ ਵਲੋਂ ਦਰਸ਼ਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਤਲਾਸ਼ ਸ਼ੁਰੂ ਕਰ ਦਿੱਤੀ। ਨਾਕਾਬੰਦੀ ਦੌਰਾਨ ਇਹ ਲੁੱਟ, ਖੋਹ ਨੂੰ ਅੰਜ਼ਾਮ ਦੇਣ ਵਾਲੇ ਤਿੰਨੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਪਹਿਚਾਣ ਅਮਨਪ੍ਰੀਤ ਸਿੰਘ, ਜਸਵੀਰ ਰਾਮ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਕੋਲੋਂ ਦਰਸ਼ਨ ਸਿੰਘ ਤੋਂ ਮੋਬਾਇਲ ਅਤੇ ਨਕਦੀ ਬਰਾਮਦ ਕਰ ਲਈ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਮਾਮਲਿਆਂ ਦੇ ਖੁਲਾਸੇ ਹੋ ਸਕਦੇ ਹਨ। ਗ੍ਰਿਫ਼ਤਾਰ ਨੌਜਵਾਨਾਂ ’ਤੇ ਪਹਿਲਾਂ ਵੀ ਨੇ ਅਪਰਾਧਿਕ ਮਾਮਲੇ ਦਰਜ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨੋ ਨੌਜਵਾਨਾਂ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿਚ ਗ੍ਰਿਫ਼ਤਾਰ ਕੀਤੇ ਨੌਜਵਾਨ ਲਵਪ੍ਰੀਤ ਸਿੰਘ ’ਤੇ ਤਿੰਨ ਮਾਮਲੇ ਦਰਜ ਹਨ। ਜਸਵੀਰ ਰਾਮ ਅਤੇ ਅਮਨਪ੍ਰੀਤ ਸਿੰਘ ’ਤੇ ਲੁੱਟ ਖੋਹ ਦਾ ਇੱਕ ਇੱਕ ਮਾਮਲਾ ਦਰਜ ਹੈ। ਇਹ ਤਿੰਨੋ ਨੌਜਵਾਨ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਸਨ ਅਤੇ ਉਸ ਤੋਂ ਬਾਅਦ ਫਿਰ ਲੁੱਟ, ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗ ਪਏ।