ਗੁਰਦਾਸਪੁਰ: ਸਾਨੂੰ ਨਹੀਂ ਚਾਹੀਦੀਆਂ ਗਲੀਆਂ-ਨਾਲੀਆਂ, ਪਿੰਡ 'ਚ ਬੱਸ ਨਸ਼ਾ ਕਰਵਾ ਦਿਓ ਬੰਦ
24 ਘੰਟੇ ਵਿੱਚ ਫੇਰ ਹੋਈਆਂ ਦੋ ਮੌਤਾਂ ਤਾਂ ਨਸ਼ੇ ਦੇ ਲਈ ਬਦਨਾਮ ਪਿੰਡ ਦੇ ਲੋਕਾਂ ਨੇ ਸਰਪੰਚ ਸਮੇਤ ਪੁਲਿਸ ਅਧਿਕਾਰੀਆਂ ਕੋਲ ਪਹੁੰਚ ਕੇ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ, 27 ਦਸੰਬਰ 2024- ਅਸੀਂ ਸਰਕਾਰ ਤੋਂ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਉਣ ਦੀ ਮੰਗ ਨਹੀਂ ਕਰਦੇ ਸਾਡੇ ਪਿੰਡ ਵਿੱਚੋਂ ਨਸ਼ਾ ਬੰਦ ਕਰਵਾ ਦੋ ਬਸ ਇਹੋ ਮੰਗ ਹੈ ਸਾਡੀ। ਪਿਛਲੇ 24 ਘੰਟੇ ਵਿੱਚ ਨਸ਼ੇ ਕਾਰਨ ਦੋ ਹੋਰ ਮੌਤਾਂ ਹੋ ਗਈਆਂ ਤਾਂ ਨਸ਼ੇ ਲਈ ਬਦਨਾਮ ਪਿੰਡ ਅਵਾਖਾਂ ਦੇ ਵਸਨੀਕ ਪਿੰਡ ਦੇ ਸਰਪੰਚ ਪੂਰਨ ਚੰਦ ਸਮੇਤ ਦੀਨਾ ਨਗਰ ਦੇ ਏਸੀਪੀ ਆਈਪੀਐਸ ਦਿਲਪ੍ਰੀਤ ਸਿੰਘ ਨੂੰ ਪਿੰਡ ਵਿੱਚ ਵੱਡੇ ਪੱਧਰ ਤੇ ਵਿਕ ਰਿਹਾ ਨਸ਼ਾ ਬੰਦ ਕਰਾਉਣ ਲਈ ਮੰਗ ਪੱਤਰ ਦੇਣ ਪਹੁੰਚ ਗਏ । ਦੱਸ ਦਈਏ ਕਿ ਪਹਿਲਾਂ ਵੀ ਪਿੰਡ ਵਿੱਚ ਪ੍ਰਦੀਪ ਕੁਮਾਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਪਿੰਡ ਵਿੱਚ ਨਸ਼ਾ ਲੈਣ ਆਏ ਨੌਜਵਾਨਾਂ ਨੂੰ ਫੜ ਕੇ ਉੱਥੇ ਹੀ ਬਿਠਾ ਲਿਆ ਜਾਂਦਾ ਸੀ ਪਰ ਹੁਣ ਉਹਨਾਂ ਦਾ ਪੰਚਾਇਤ ਵੱਲੋਂ ਵੀ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿੰਡ ਵਿੱਚ ਨਸ਼ਾ ਵਿਕਣਾ ਬੰਦ ਨਹੀਂ ਹੋ ਰਿਹਾ ਹੈ ਕਿਉਂਕਿ ਪੁਲਿਸ ਦੀ ਮੁਹਿੰਮ ਇੱਕ ਦੋ ਦਿਨ ਚਲਦੀ ਹੈ ਅਤੇ ਫੇਰ ਠੱਲ ਪੈ ਜਾਂਦੀ ਹੈ। ਪਿੰਡ ਵਿੱਚ ਕੁਝ ਘਰਾਂ ਦੀਆਂ ਪ੍ਰੋਪਰਟੀਜ਼ ਵੀ ਸੀਜ ਕੀਤੀਆਂ ਗਈਆਂ ਹਨ ਪਰ ਫਿਰ ਵੀ ਨਸ਼ਾ ਵਿਕਣਾ ਬੰਦ ਨਹੀਂ ਹੁੰਦਾ 40-40 ,50-50 ਕਿਲੋਮੀਟਰ ਦੂਰੋਂ ਨੌਜਵਾਨ ਇੱਥੇ ਨਸ਼ਾ ਲੈਣ ਆਉਂਦੇ ਹਨ ਅਤੇ ਬੀਤੇ ਦਿਨ ਵੀ ਇਥੋਂ ਨਸ਼ਾ ਲੈ ਕੇ ਗਏ ਇੱਕ ਨੌਜਵਾਨ ਦੀ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਮੌਤ ਹੋਈ ਸੀ । ਹਾਲਾਂਕਿ ਪਿੰਡ ਵਾਸੀਆਂ ਨੂੰ ਪੁਲਿਸ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਪਿੰਡ ਵਿੱਚ ਲਗਾਤਾਰ ਪਿੰਡਾ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾਏਗੀ ਅਤੇ ਨਸ਼ਾ ਵੇਚਣ ਵਾਲਿਆਂ ਦੇਖ ਲਾ ਕਾਰਵਾਈ ਕੀਤੀ ਜਾਵੇਗੀ ।