30 ਦਸੰਬਰ ਦੇ ਪੰਜਾਬ ਬੰਦ ਸਬੰਧੀ ਸਿੱਧੂਪੁਰ ਯੂਨੀਅਨ ਦੀ ਮੀਟਿੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 28 ਦਸੰਬਰ 2024: ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੀ ਕਿਸਾਨ ਜਥੇਬੰਦੀ ਦੀ ਇੱਕ ਮੀਟਿੰਗ ਲਾਲੜੂ ਵਿਖੇ ਯੂਨੀਅਨ ਦੇ ਬਲਾਕ ਡੇਰਾਬੱਸੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ , ਜਿਸ ਵਿੱਚ ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਸਵੇਰੇ 30 ਦਸੰਬਰ ਨੂੰ 7 ਵਜੇ ਤੋਂ ਦੁਪਹਿਰ 4 ਵਜੇ ਤੱਕ ਰੇਲਾਂ ਅਤੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਬੰਦ ਰੱਖਿਆ ਜਾਵੇਗਾ। ਸ੍ਰੀ ਰਾਣਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਕਿਸਾਨੀ ਨਾਲ ਜੁੜੇ ਮਸਲਿਆਂ ਸਮੇਤ ਸੰਭੂ ਅਤੇ ਖਨੋਰੀ ਬਾਰਡਰ ਉੱਤੇ ਧਰਨੇ ਉੱਤੇ ਬੈਠੇ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੋਵਾਲ ਤੇ ਹੋਰਨਾਂ ਕਿਸਾਨਾਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ, ਜਿਨ੍ਹਾਂ ਦੀ ਭੁੱਖ ਹੜਤਾਲ ਦੇ ਅੱਜ 33 ਦਿਨ ਪੂਰੇ ਹੋ ਚੁੱਕੇ ਹਨ।
ਇਸ ਮੌਕੇ ਉਨ੍ਹਾਂ ਮਤਾ ਪਾਸ ਕੀਤਾ ਕਿ ਸੂਬੇ ਦੀ ਯੂਨੀਅਨ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ, ਜਿਸ ਦੇ ਸਬੰਧ ਵਿੱਚ ਉਨ੍ਹਾਂ ਲਾਲੜੂ, ਡੇਰਾਬੱਸੀ ਅਤੇ ਜ਼ੀਰਕਪੁਰ ਦੇ ਦੁਕਾਨਦਾਰਾਂ ਸਮੇਤ ਰੇਹੜੀ-ਫੜਿਆਂ ਵਾਲਿਆਂ ਨੂੰ ਪੂਰਨ ਤੌਰ ਉੱਤੇ ਬੰਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਖੜ੍ਹ ਕੇ ਬੰਦ ਦਾ ਪੂਰਨ ਸਾਥ ਦੇਣ ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਿਛਲੇ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਨੂੰ ਬੂਰ ਪੈ ਸਕੇ। ਉਨ੍ਹਾਂ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ 30 ਦਸੰਬਰ ਨੂੰ ਸਵੇਰੇ 7 ਵਜੇ ਪਿੰਡ ਸਰਸੀਣੀ ਵਿਖੇ ਇਕੱਠੇ ਹੋਣ ਤਾਂ ਜੋ ਯੂਨੀਅਨ ਦੇ ਸੱਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਅੰਬਾਲਾ-ਕਾਲਕਾ ਰੇਲਵੇ ਲਾਈਨਾਂ ਅਤੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਪੂਰਨ ਤੌਰ ਉੱਤੇ ਬੰਦ ਰੱਖਿਆ ਜਾ ਸਕੇ।