Babushahi Special: ਵਾਰਡ ਦੀ ਚੋਣ ਪਿੱਛੋਂ ਲੱਡੂ ਨੇ ਕਾਂਗਰਸੀ ਬੂੰਦੀ ਤੇ ਰੇਤਾ ਭੁੱਕਿਆ
ਮਾਮਲਾ ਬਠਿੰਡਾ ਕਾਂਗਰਸ ’ਚ ਪਏ ਭੁਚਾਲ ਦਾ
ਅਸ਼ੋਕ ਵਰਮਾ
ਬਠਿੰਡਾ, 27ਦਸੰਬਰ 2024 :ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੇ ਕੌਂਸਲਰ ਦੀ ਜਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਨੂੰ ਹੋਈ ਕਰਾਰੀ ਹਾਰ ਤੋਂ ਬਾਅਦ ਬਠਿੰਡਾ ਸ਼ਹਿਰੀ ਜਿਲ੍ਹਾ ਕਾਂਗਰਸ ਪਾਰਟੀ ਵਿੱਚ ਘਮਸਾਣ ਮੱਚਿਆ ਹੋਇਆ ਹੈ । ਜਿਮਨੀ ਚੋਣ ਵਾਲੇ ਵਾਰਡ ਦੇ ਨਜ਼ਦੀਕ ਪੈਂਦੇ ਵਾਰਡ ਨੰਬਰ 36 ਦੇ ਕਾਂਗਰਸੀ ਕੌਂਸਲਰ ਹਰਵਿੰਦਰ ਸਿੰਘ ਲੱਡੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੱਤਰ ਲਿਖਕੇ ਇਸ ਜਿਮਨੀ ਚੋਣ ਦੌਰਾਨ ਖੁਦ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਅਤੇ ਬਿਨਾਂ ਨਾਮ ਲਿਆਂ ਪਾਰਟੀ ਦੇ ਕਈ ਆਗੂਆਂ ਦੀ ਕਾਰਗੁਜ਼ਾਰੀ ਨੂੰ ਕਟਹਿਰੇ ’ਚ ਖੜ੍ਹਾਇਆ ਹੈ। ਇਹ ਉਹ ਕਾਂਗਰਸੀ ਆਗੂ ਹਰਵਿੰਦਰ ਸਿੰਘ ਲੱਡੂ ਹੈ ਜਿਸ ਨੇ ਸਾਲ 2021 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਅਨੁਸੂਚਿਤ ਜਾਤੀ ਲਈ ਰਾਖਵੇਂ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ1465 ਵੋਟਾਂ ਹਾਸਲ ਕਰਕੇ ਸਿਰਫ 600 ਵੋਟਾਂ ਪ੍ਰਾਪਤ ਕਰ ਸਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 865 ਵੋਟਾਂ ਦੇ ਵੱਡੇ ਫਰਕ ਨਾਲ ਹਰਾਕੇ ਜਿੱਤ ਦਰਜ ਕੀਤੀ ਸੀ।
ਕੌਂਸਲਰ ਹਰਵਿੰਦਰ ਸਿੰਘ ਲੱਡੂ ਨੇ ਆਪਣੇ ਪੱਤਰ ’ਚ ਸੂਬਾ ਪ੍ਰਧਾਨ ਨੂੰ ਦੱਸਿਆ ਹੈ ਕਿ ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਤਰਫੋਂ ਦਲਿਤ ਆਗੂਆਂ ਜਾਂ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਪਰ ਹੇਠਲੇ ਪੱਧਰ ਤੇ ਪਾਰਟੀ ’ਚ ਆਪਣਾ ਪ੍ਰਭਾਵ ਰੱਖਣ ਵਾਲੇ ਕੁੱਝ ਆਗੂ ਮਿਹਨਤੀ ਅਤੇ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਣ ਵਾਲਿਆਂ ਨੂੰ ਪਿੱਛੇ ਧੱਕਣ ਦਾ ਕੰਮ ਨਿਰੰਤਰ ਜਾਰੀ ਰੱਖ ਰਹੇ ਹਨ ਜੋ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਵਾਰਡ ਤੋਂ ਲਗਾਤਾਰ ਤੀਸਰੀ ਵਾਰ ਚੋਣ ਜਿੱਤਕੇ ਕੌਂਸਲਰ ਬਣੇ ਹਨ ਅਤੇ ਉਹ ਪਾਰਟੀ ਦਾ ਮੌਜੂਦਾ ਬਲਾਕ ਪ੍ਰਧਾਨ ਵੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਸ ਨੂੰ ਜਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਬਣਦਾ ਮਾਨ-ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਕਿ ਉਸ ਦੀ ਤਸਵੀਰ ਕਾਂਗਰਸੀ ਉਮੀਦਵਾਰ ਦੀ ਚੋਣ ਸਮਗਰੀ ਵਿੱਚ ਲਾਈ ਨਹੀਂ ਜਿਸ ਦਾ ਕਾਰਨ ਉਸ ਦਾ ਦਲਿਤ ਸਮਾਜ ਨਾਲ ਸਬੰਧਤ ਹੋਣਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਤਕਰੇ ਕਾਰਨ ਉਹ ਮਾਨਸਿਕ ਅਤੇ ਸਮਾਜਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਲੈਕੇ ਉਨ੍ਹਾਂ ਦੇ ਵਾਰਡ ’ਚ ਉਸ ਦੇ ਸਮਰਥਕਾਂ ਅਤੇ ਵੱਡੀ ਗਿਣਤੀ ਵਾਰਡ ਵਾਸੀਆਂ ਨੇ ਇਤਰਾਜ ਵੀ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਰਨਾਂ ਕਰਕੇ ਆਪਣਾ ਰੋਸ ਹੋਣ ਦੇ ਬਾਵਜੂਦ ਉਹ ਪਾਰਟੀ ਉਮੀਦਵਾਰ ਨੂੰ ਨੁਕਸਾਨ ਹੋਣ ਦੇ ਡਰੋਂ ਚੁੱਪ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲਗਾਤਾਰ ਤਿੰਨ ਵਾਰ ਜਿੱਤਣ ਕਰਕੇ ਉਨ੍ਹਾਂ ਦਾ ਨੇੜਲੇ ਵਾਰਡਾਂ ਵਿੱਚ ਵੀ ਚੰਗਾ ਅਸਰ ਰਸੂਖ ਹੈ ਪਰ ਸਥਾਨਕ ਆਗੂਆਂ ਵੱਲੋਂ ਉਨ੍ਹਾਂ ਨੂੰ ਅਣਗੌਲਿਆਂ ਕਰਨ ਦਾ ਨੁਕਸਾਨ ਵਾਰਡ ਨੰਬਰ 48 ਤੋਂ ਪਾਰਟੀ ਦੇ ਉਮੀਦਵਾਰ ਨੂੰ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮਿਹਨਤੀ ਆਗੂਆਂ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸੂਬਾ ਪ੍ਰਧਾਨ ਤੋਂ ਮਾਮਲੇ ਦੀ ਨਿੱਜੀ ਤੌਰ ’ਤੇ ਨਿਰਪੱਖ ਪੜਤਾਲ ਅਤੇ ਮਾਣ-ਸਨਮਾਨ ਬਹਾਲ ਕਰਵਾਉਣ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਧੜੇ ਦੀ ਕਾਂਗਰਸੀ ਮੇਅਰ ਰਮਨ ਗੋਇਲ ਨੂੰ ਹਟਾਉਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਕਾਰਜਕਾਰੀ ਮੇਅਰ ਵਜੋਂ ਕੰਮ ਕਰ ਰਹੇ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕੌਂਸਲਰਾਂ ਦਾ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਆਪਣਾ ਮੇਅਰ ਬਨਾਉਣ ’ਚ ਸਫਲ ਨਹੀਂ ਹੋ ਸਕੀ ਹੈ। ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਦੀ ਅਣਕਿਆਸੀ ਹਾਰ ਅਤੇ ਮਹਿਤਾ ਪ੍ਰੀਵਾਰ ਦੇ ਫਰਜ਼ੰਦ ਪਦਮਜੀਤ ਮਹਿਤਾ ਦੀ ਜਿੱਤ ਨੇ ਕਾਂਗਰਸ ਪਾਰਟੀ ਦਾ ਪੈਂਡਾ ਔਖਾ ਕਰ ਦਿੱਤਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਵੀ ਆਪਣੇ ਪੁੱਤਰ ਨੂੰ ਮੇਅਰ ਬਨਾਉਣ ਲਈ ਗਤੀਵਿਧੀਆਂ ਵਿੱਢਣ ਦੀ ਚਰਚਾ ਦਾ ਬਜ਼ਾਰ ਗਰਮ ਹੈ। ਉੱਪਰੋਂ ਹਰਵਿੰਦਰ ਲੱਡੂ ਵਰਗੇ ਕਾਂਗਰਸੀ ਕੌਂਸਲਰ ਦੇ ਪੱਤਰ ਬੰਬ ਨੇ ਕਾਂਗਰਸ ’ਚ ਚੱਲ ਰਹੀ ਠੰਢੀ ਜੰਗ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਨੇ ਫੋਨ ਨਹੀਂ ਚੁੱਕਿਆ।
ਮਨਪ੍ਰੀਤ ਬਾਦਲ ਧੜਾ ਸਰਗਰਮ
ਬਠਿੰਡਾ ਕਾਂਗਰਸ ’ਚ ਪਏ ਇਸ ਭੁਚਾਲ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਵੀ ਸਰਗਰਮ ਹੋ ਗਿਆ ਹੈ। ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈ ਜੀਤ ਸਿੰਘ ਜੌਹਲ ਵੱਲੋਂ ਵਾਰਡ ਨੰਬਰ 48 ਤੋਂ ਜੇਤੂ ਕੌਂਸਲਰ ਨੂੰ ਮੇਅਰ ਬਨਾਉਣ ਲਈ ਹਮਾਇਤ ਦੇਣ ਦੀ ਵੀ ਚਰਚਾ ਹੈ। ਨਗਰ ਨਿਗਮ ਬਠਿੰਡਾ ’ਚ ਮਨਪ੍ਰੀਤ ਬਾਦਲ ਹਮਾਇਤੀ ਤਕਰੀਬਨ 10 ਕੌਂਸਲਰ ਹਨ ਜੋ ਮੇਅਰ ਮਾਮਲੇ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਚੱਕ ਥੱਲ ਦਾ ਕਾਰਨ ਆਪਣੇ ਦੋ ਸਿਆਸੀ ਸ਼ਰੀਕਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਉਹ ਭਾਜੀ ਮੋੜਨਾ ਹੈ ਜੋ ਇੰਨ੍ਹਾਂ ਆਗੂਆਂ ਨੇ ਮਨਪ੍ਰੀਤ ਬਾਦਲ ਦੀ ਹਮਾਇਤੀ ਮੰਨੀ ਜਾਂਦੀ ਮੇਅਰ ਨੂੰ ਹਟਵਾਕੇ ਪਾਈ ਸੀ। ਹੁਣ ਬਠਿੰਡਾ ਵਾਸੀਆਂ ਦੀਆਂ ਨਜ਼ਰਾਂ ਮੇਅਰ ਦੀ ਚੇਅਰ ਤੇ ਬੈਠਣ ਵਾਲੇ ਵਿਅਕਤੀ ਅਤੇ ਸਮੇਂ ਤੇ ਟਿਕੀਆਂ ਹੋਈਆਂ ਹਨ।