'ਪੰਜਾਬ ਬੰਦ' 30 ਦਸੰਬਰ ਨੂੰ: ਜਾਣੋ ਕੀ ਕੁੱਝ ਰਹੇਗਾ ਖੁੱਲ੍ਹਾ, ਕੀ ਕੁੱਝ ਰਹੇਗਾ ਬੰਦ? ਸਬਜ਼ੀਆਂ ਤੇ ਦੁੱਧ ਮਿਲੇਗਾ ਜਾਂ ਨਹੀਂ, ਪੜ੍ਹੋ ਪੂਰਾ ਵੇਰਵਾ
ਚੰਡੀਗੜ੍ਹ, 28 ਦਸੰਬਰ 2024- ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੇ ਕਿਸਾਨ ਸੰਗਠਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ ਦੇ ਬਾਜ਼ਾਰਾਂ ਅਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੱਸਾਂ ਅਤੇ ਦੁਕਾਨਾਂ ਦੇ ਬਾਹਰ ਪੋਸਟਰ ਚਿਪਕਾ ਕੇ ਬੰਦ ਦਾ ਸੱਦਾ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ 30 ਦਸੰਬਰ ਨੂੰ ਪੂਰਾ ਪੰਜਾਬ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੰਦ ਰਹੇਗਾ। ਇਸ ਵਿੱਚ ਸਾਨੂੰ ਸਾਰੇ ਦੁਕਾਨਦਾਰਾਂ ਦਾ ਸਟੂਡੈਂਟ ਯੂਨੀਅਨ ਦਾ ਅਤੇ ਵਪਾਰੀਆਂ ਦਾ ਟ੍ਰਾਂਸਪੋਰਟਾਂ ਦਾ ਕਿਸਾਨਾਂ ਦਾ ਤੇ ਆਮ ਜਨਤਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਸਮਰਥਨ ਦੇ ਕੇ ਪੂਰਾ ਪੰਜਾਬ ਬੰਦ ਕਰ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੰਦ ਵਾਲੇ ਦਿਨ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਵੇਗਾ ਤੇ ਨਾ ਹੀ ਕੋਈ ਦੋਧੀ ਉਸ ਦਿਨ ਦੁੱਧ ਪਾਉਣ ਸ਼ਹਿਰ ਆਵੇਗਾ। ਇਸ ਤਰ੍ਹਾਂ 3 ਕਰੋੜ ਪੰਜਾਬ ਵਾਸੀ, ਕੇਂਦਰ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।