ਬਠਿੰਡਾ: ਬੱਸ 'ਤੇ ਡਿੱਗੀ ਅਸਮਾਨੋਂ ਬਿਜਲੀ ਨੇ ਖੋਹ ਲਈਆਂ 8 ਜ਼ਿੰਦਗੀਆਂ!
ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ 2024:ਬਠਿੰਡਾ ਜਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਲਾਗੇ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਡਰੇਨ ’ਚ ਡਿੱਗਣ ਕਾਰਨ 8 ਜਣਿਆਂ ਦੇ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਡੀਸੀ ਬਠਿੰਡਾ ਦੇ ਵਲੋਂ 8 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਦੋ ਦਰਜਨ ਤੋਂ ਜਿਆਦਾ ਸਵਾਰੀਆਂ ਦੇ ਸੱਟਾਂ ਵੱਜੀਆਂ ਹਨ। ਕਈ ਜਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਹਾਦਸਾਗ੍ਰਸਤ ਪ੍ਰਾਈਵੇਟ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਹੀ ਸੀ ਤਾਂ ਅਚਾਨਕ ਡਰੇਨ ਰੂਪੀ ਗੰਦੇ ਨਾਲੇ ਵਿੱਚ ਜਾ ਡਿੱਗੀ। ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਬੱਸ ਵਿੱਚ 50 ਤੋਂ ਵੱਧ ਸਵਾਰੀਆਂ ਸਫਰ ਕਰ ਰਹੀਆਂ ਸਨ।
ਮੁਢਲੇ ਤੌਰ ਤੇ ਹਾਦਸੇ ਦਾ ਕਾਰਨ ਬਾਰਸ਼ ਦੌਰਾਨ ਬੱਸ ਦੇ ਡਰਾਈਵਰ ਤੇ ਅਸਮਾਨੀ ਬਿਜਲੀ ਡਿੱਗਣ ਵਜੋਂ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਬੱਸ ਬੇਕਾਬੂ ਹੋਕੇ ਡਰੇਨ ਵਿੱਚ ਜਾ ਡਿੱਗੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨਜ਼ਦੀਕੀ ਪਿੰਡ ਜੀਵਨ ਸਿੰਘ ਵਾਲਾ ਅਤੇ ਹੋਰ ਥਾਵਾਂ ਤੋਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜਿਸ ਡਰੇਨ ’ਚ ਬੱਸ ਡਿੱਗੀ ਉਹ ਗੰਦੇ ਪਾਣੀ ਨਾਲ ਭਰੀ ਹੋਈ ਸੀ। ਉਪਰੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਬਚਾਓ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੀ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜਾਂ ਦਾ ਜਾਇਜਾ ਲਿਆ। ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਜਖਮੀਆਂ ਦਾ ਇਲਾਜ਼ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਆਖਿਆ ਕਿ ਜਖਮੀਆਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਇਸ ਲਈ ਪੱਕੀ ਸੂਚਨਾ ਜਾਰੀ ਹੋਣ ’ਚ ਕੁੱਝ ਸਮਾਂ ਲੱਗ ਸਕਦਾ ਹੈ।ਮੌਕੇ ਤੇ ਪੁੱਜੀ ਐਨਡੀਆਰਐਫ ਵੱਲੋਂ ਵੱਡੀ ਕਰੇਨ ਦੀ ਸਹਾਇਤਾ ਨਾਲ ਬੱਸ ਨੂੰ ਬਾਹਰ ਕੱਢਣ ਦੇ ਯਤਨ ਜਾਰੀ ਸਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਧਰੇ ਅੰਦਰ ਕੋਈ ਮੁਸਾਫਰ ਜਾਂ ਬੱਚਾ ਆਦਿ ਨਾਂ ਫਸਿਆ ਹੋਵੇ। ਪਿੰਡ ਵਾਸੀ ਐਨਡੀਆਰਐਫ ਅਤੇ ਸਿਵਲ ਪ੍ਰਸ਼ਾਸ਼ਨ ਨਾਲ ਹੱਥ ਵਟਾਉਣ ’ਚ ਜੁਟੇ ਹੋਏ ਹਨ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਪੀੜਤਾਂ ਨੂੰ ਸੰਭਾਲਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਆਖਰੀ ਖਬਰਾਂ ਲਿਖੇ ਜਾਣ ਤੱਕ ਹਾਦਸੇ ਵਲੀ ਥਾਂ ਤੇ ਸੈਂਕੜਿਆਂ ਦੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ ਅਤੇ ਬੱਸ ਨੂੰ ਬਾਹਰ ਕੱਢ ਦੀਆਂ ਕੋਸ਼ਿਸ਼ਾਂ ਜਾਰੀ ਸਨ।