ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (28 ਦਸੰਬਰ 2024)
ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋv ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋਪਾਲਾ ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥ ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥ ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥
ਅਰਥ: (ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ॥੧॥ (ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ। ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥ ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ ॥੩॥ ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ, ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ ॥੪॥੧੨॥੨੩॥