ਜਦੋਂ ਨਰਸਿਮ੍ਹਾ ਰਾਓ ਨੇ ਭਾਰਤ ਨੂੰ ਡਾ. ਮਨਮੋਹਨ ਸਿੰਘ ਦੇ ਹੱਥ ਸੌਂਪਿਆ...ਗੁਰਦੀਪ ਸਿੰਘ ਜਬੀਰ (ਡਾ.) ਦੀ ਕਲਮ ਤੋਂ
ਨਵੀਂ ਦਿੱਲੀ, 27 ਦਸੰਬਰ, 2024:
ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਦੇਹਾਂਤ ਦੀ ਪੁਸ਼ਟੀ,ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵੱਲੋਂ ਕੀਤੀ ਗਈ ਹੈ।
ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਸਿਹਤ ਵਿਗੜਨ ਤੋਂ ਬਾਅਦ ਅੱਜ ਸ਼ਾਮ ਦਿੱਲੀ ਦੇ ਏਮਜ਼ ਵਿੱਖੇ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਭਰਤੀ ਕਰਵਾਇਆ ਗਿਆ ਸੀ ।
"ਮਨਮੋਹਨ ਸਿੰਘ ਆਪਣੇ ਪਿੱਛੇ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਧੀਆਂ ਛੱਡ ਗਏ ਹਨ।
ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਡਾ. ਮਨਮੋਹਨ ਸਿੰਘ ਇੱਕ ਸਤਿਕਾਰਤ ਅਰਥ ਸ਼ਾਸਤਰੀ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਦੇਸ਼ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ ਸਮੇਤ ਕਈ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਸਨ।ਇਸ ਤੋਂ ਪਹਿਲਾਂ, ਮਨਮੋਹਨ ਸਿੰਘ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਸਰਕਾਰ ਵਿੱਚ ਵਿੱਤ ਮੰਤਰੀ ਵਜੋਂ ਕੰਮ ਕੀਤਾ ਸੀ।
ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਵਾਲੇ ਦਿਨ ਸਰਦਾਰ ਗੁਰਮੁੱਖ ਸਿੰਘ ਅਤੇ ਬੀਬੀ ਅੰਮ੍ਰਿਤ ਕੌਰ ਦੇ ਗ੍ਰਹਿ ਵਿਖੇ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗਹਿ ਵਿਖੇ ਹੋਇਆ। ਸਕੂਲੀ ਪੜ੍ਹਾਈ ਆਪ ਨੇ ਮੋਮਬੱਤੀ ਦੀ ਰੋਸ਼ਨੀ ਵਿਚ ਹਾਸਲ ਕੀਤੀ। ਦੇਸ਼ ਵੰਡ ਦੀ ਬਾਅਦ ਆਪ ਦਾ ਪ੍ਰੀਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਵੱਸਿਆ। 1949 ਵਿਚ ਪੰਜਾਬ ਯੂਨੀਵਰਸਿਟੀ ਤੋਂ ਆਪ ਨੇ ਪਹਿਲਾਂ ਮੈਟ੍ਰਿਕ ਅਤੇ ਉਪਰੰਤ ਕ੍ਰਮਵਾਰ, 1952 ਅਤੇ 1954 ਸਾਲ ਵਿੱਚ ਕ੍ਰਮਵਾਰ ਬੀ.ਏ ਅਤੇ ਐਮ.ਏ ਅਰਥਸ਼ਾਸਤਰ, ਦੀਆ ਡਿਗਰੀਆਂ ਪ੍ਰਾਪਤ ਕੀਤੀਆਂ। 1957 ਵਿੱਚ ਆਪ ਨੇ ਕੈਂਬਰਿਜ ਯੂਨੀਵਰਸਿਟੀ ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਦੇ ਵਿੱਚ ਆਨਰਜ਼ ਡਿਗਰੀ ਹਾਸਲ ਕੀਤੀ ਅਤੇ ਫਿਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਇੰਗਲੈਂਡ ਤੋਂ ਅਰਥ-ਸ਼ਾਸਤਰ ਵਿੱਚ ਪੀ ਐਚ ਡੀ ਭਾਵ ਡਾਕਟਰੇਟ ਆਫ਼ ਫਿਲਾਸਫ਼ੀ ਦੀ ਡਿਗਰੀ ਪ੍ਰਾਪਤ ਕੀਤੀ।1971 ਵਿੱਚ ਆਪ ਭਾਰਤ ਸਰਕਾਰ ਦੀ ਪ੍ਰਸ਼ਾਸਨਿਕ ਸੇਵਾ ਰਾਹੀਂ, ਆਰਥਿਕ ਸਲਾਹਕਾਰ ਦੇ ਅਹੁਦੇ ’ਤੇ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੇ ਅਹੁਦਿਆਂ' ਤੇ ਰਹਿੰਦਿਆਂ ਹੋਈਆਂ ਆਪ ਨੇ ਭਾਰਤ ਸਰਕਾਰ ਨਾਲ ਵਫਾਦਾਰੀ ਨਿਭਾਈ। 1991 ਤੋਂ1996 ਤੱਕ ਆਪ ਭਾਰਤ ਦੇ ਖਜ਼ਾਨਾ ਮੰਤਰੀ ਰਹੇ। 1987 ਸਾਲ ਦੇ ਦੌਰਾਨ ਆਪ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਵੱਡੇ ਸ਼ਹਿਰੀ ਸਨਮਾਨ 'ਪਦਮ ਵਿਭੂਸ਼ਣ' ਦੇ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੇ ਆਪ ਲਗਾਤਾਰ ਦੋ ਟਰਮਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ।
ਸ੍ਰੀ ਵਿਨੈ ਸੀਤਾਪਤੀ ਆਪਣੀ ਕਿਤਾਬ, ''ਹਾਫ ਲਾਇਨ-ਹਾਊ ਪੀਵੀ ਨਰਸਿਮ੍ਹਾ ਰਾਓ ਟਰਾਂਸਫੋਰਮਡ ਇੰਡੀਆ'' ਵਿੱਚ ਸੀਤਾਪਤੀ ਲਿਖਦੇ ਹਨ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਅਗਰ ਭਾਰਤ ਅਤੇ ਕਾਂਗਰਸ ਲਈ ਕੋਈ ਅਹਿਮ ਖੋਜ ਕੀਤੀ ਤਾਂ ਉਹ ਸੀ ਡਾ. ਮਨਮੋਹਨ ਸਿੰਘ ਦੀ। ਕਿਉਂਕਿ ਜਿਸ ਵਕਤ ਡਾ. ਮਨਮੋਹਨ ਸਿੰਘ ਨੂੰ ਪੀ ਵੀ ਨਰਸਿਮ੍ਹਾ ਰਾਓ ਨੇ ਆਪਣੀ ਕੈਬਨਿਟ ਵਿੱਚ ਖ਼ਜ਼ਾਨਾ ਮੰਤਰੀ ਬਣਾਇਆ ਉਸ ਵਕਤ ਆਰਥਿਕ ਪੈਮਾਨੇ ਉਪਰ ਭਾਰਤ ਦੀ ਮੰਦਹਾਲੀ ਆਪਣੇ ਸਿਖਰਾਂ ਉਪਰ ਸੀ ਅਤੇ ਅਗਰ ਉਸ ਵਕਤ ਡਾ. ਮਨਮੋਹਨ ਸਿੰਘ ਖ਼ਜ਼ਾਨਾ ਮੰਤਰੀ ਵਜੋਂ ਭਾਰਤ ਦੀ ਕਮਾਨ ਨਾ ਸੰਭਾਲਦੇ ਤਾਂ ਭਾਰਤ ਦੀ ਆਰਥਿਕ ਮੰਦਹਾਲੀ ਵਿੱਚ ਆਰਥਿਕ ਪੱਖੋਂ ਭਾਰਤ ਲਗਭਗ ਡੁੱਬਣ ਕਿਨਾਰੇ ਉਪਰ ਸੀ।
ਸੀਤਾਪਤੀ ਅੱਗੇ ਲਿਖਦੇ ਹਨ ਕਿ ਨਰਸਿਮ੍ਹਾ ਰਾਓ ਨੂੰ ਇੱਕ ਚਿਹਰਾ ਚਾਹੀਦਾ ਸੀ ਜੋ ਆਈਐੱਮਐੱਫ ਅਤੇ ਘਰੇਲੂ ਵਿਰੋਧੀਆਂ ਨੂੰ ਇਹ ਭਰੋਸਾ ਦਿਵਾ ਸਕੇ ਕਿ ਭਾਰਤ ਹੁਣ ਪੁਰਾਣੇ ਤਰੀਕੇ ਨਾਲ ਨਹੀਂ ਬਲਕਿ ਨਵੇਂ ਤਰੀਕੇ ਨਾਲ ਚੱਲੇਗਾ।
ਸੀਤਾਪਤੀ ਦੀ ਲਿਖੀ ਇਸ ਪੁਸਤਕ ਦੇ ਮੁਤਾਬਕ, ਨਰਸਿਮ੍ਹਾ ਰਾਓ ਨੇ ਆਪਣੇ ਨਿੱਜੀ ਸਲਾਹਕਾਰ ਸ੍ਰੀ ਪੀ ਸੀ ਅਲੈਗਜ਼ੈਡਰ ਨੂੰ ਬੁਲਾ ਕੇ ਪੁੱਛਿਆ ਕਿ ਕੀ ਤੁਸੀਂ ਵਿੱਤ ਮੰਤਰੀ ਦੇ ਅਹੁਦੇ ਦੇ ਲਈ ਕਿਸੇ ਅਜਿਹੇ ਸ਼ਖਸ ਦਾ ਨਾਂ ਸੁਝਾ ਸਕਦੇ ਹੋ ਜਿਸ ਦੀ ਕੌਮਾਂਤਰੀ ਪੱਧਰ 'ਤੇ ਇਕ ਵੱਖਰੀ ਹੀ ਛਾਪ ਹੋਵੇ। ਜਿਹੜਾ ਪੂਰਣ ਤੌਰ ’ਤੇ ਇਮਾਨਦਾਰ ਹੋਵੇ ਅਤੇ ਇਸ ਵਕਤ ਭਾਰਤ ਦੀ ਆਰਥਿਕ ਪੱਖੋਂ ਡਿੱਗਦੀ ਸਾਖ ਨੂੰ ਬਚਾ ਸਕੇ।ਅਲੈਗਜ਼ੈਂਡਰ ਨੇ ਉਨ੍ਹਾਂ ਨੂੰ ਉਸੇ ਵੇਲੇ ਪਹਿਲਾ ਨਾਂ, ਰਿਜ਼ਰਵ ਬੈਂਕ ਦੇ ਸਾਬਕਾ ਗਵਨਰ ਅਤੇ ਲੰਡਨ ਸਕੂਲ ਆਫ ਇਕਨੌਮਿਕਸ ਦੇ ਡਾਇਰੈਕਟਰ ਆਈਜੀ ਪਟੇਲ ਦਾ ਅਤੇ ਦੂਜਾ ਨਾਂ ਡਾ. ਮਨਮੋਹਨ ਸਿੰਘ ਦਾ ਸੁਝਾਇਆ ਸੀ।
ਸੀਤਾਪਤੀ ਦੇ ਲਿਖੇ ਮੁਤਾਬਕ, ''ਅਲੈਗਜ਼ੈਂਡਰ ਨੇ ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਦੇ ਇੱਕ ਦਿਨ ਪਹਿਲਾਂ ਡਾ. ਮਨਮੋਹਨ ਸਿੰਘ ਨੂੰ ਫੋਨ ਕੀਤਾ।ਉਸ ਵਕਤ ਡਾ. ਮਨਮੋਹਨ ਸਿੰਘ ਸੁੱਤੇ ਹੋਏ ਸਨ, ਕਿਉਂਕਿ ਕੁਝ ਘੰਟੇ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਸ ਭਾਰਤ ਪਰਤੇ ਸਨ।
ਅਗਲੇ ਦਿਨ ਸਹੁੰ ਚੁੱਕ ਸਮਾਗਮ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਡਾ. ਮਨਮੋਹਨ ਸਿੰਘ ਨੂੰ ਯੂਜੀਸੀ ਦੇ ਦਫਤਰ ਤੋਂ ਫੋਨ ਆਇਆ, ਕਿ ਤੁਹਾਡੇ ਨਾਲ ਨਰਸਿਮ੍ਹਾ ਰਾਓ ਗੱਲ ਕਰਣਾ ਚਾਹੁੰਦੇ ਹਨ। ਡਾ. ਮਨਮੋਹਨ ਸਿੰਘ ਹੁਣਾਂ ਨੇ ਫੋਨ ਫੜਿਆ ਦੂਜੇ ਪਾਸੇ ਨਰਸਿਮ੍ਹਾ ਰਾਓ ਬੋਲ ਰਹੇ ਸਨ।" ਡਾ. ਸਾਹਿਬ ਮੈਂ ਤੁਹਾਨੂੰ ਆਪਣਾ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ"। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਰਸਿਮ੍ਹਾ ਰਾਓ ਨੇ ਡਾ. ਮਨਮੋਹਨ ਸਿੰਘ ਦੇ ਨਾਲ ਬਹੁਤ ਛੋਟੀ ਜੇਹੀ ਮੁਲਾਕਾਤ ਕੀਤੀ ਅਤੇ ਕਿ ਬਸ ਇਸ ਗੱਲ ਦਾ ਖਿਆਲ ਰੱਖਣਾ ਕਿ ਜੇਕਰ ਅਸੀਂ ਸਫਲ ਹੁੰਦੇ ਹਾਂ ਤਾਂ ਇਸ ਸਿਹਰਾ ਸਾਡੇ ਦੋਹਾਂ ਦੇ ਸਿਰ ਜਾਵੇਗਾ ਅਤੇ ਨਾ-ਕਾਮਯਾਬ ਹੋਏ ਤਾਂ ਗਲ ਸਿਰਫ ਤੁਹਾਡੇ ਉਪਰ ਆਏ ਗੀ।
ਸ੍ਰੀ ਸੀਤਾਪਤੀ ਦੱਸਦੇ ਹਨ ਕਿ 1991 ਦੇ ਇਸ ਬਜਟ ਤੋਂ ਦੋ ਹਫਤੇ ਪਹਿਲਾਂ ਜਦੋਂ ਡਾ. ਮਨਮੋਹਨ ਸਿੰਘ ਬਜਟ ਦਾ ਖਰੜਾ ਲੈ ਕੇ ਨਰਸਿਮ੍ਹਾ ਰਾਓ ਦੇ ਪਾਸ ਪੁੱਜੇ ਤਾਂ ਉਨ੍ਹਾਂ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਕਿਹਾ ''ਜੇਕਰ ਮੈਨੂੰ ਇਹੀ ਚਾਹੀਦਾ ਸੀ ਤਾਂ ਤਹਾਨੂੰ ਕਿਉਂ ਚੁਣਿਆ?'' ਤਾਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੈਨੂੰ ਤੁਹਾਡੀ ਸੋਚ ਅਜੇ ਵੀ ਪੁਰਾਣੀ ਲਗਦੀ ਹੈ।
ਫੇਰ 24 ਜੁਲਾਈ 1991ਵਾਲੇ ਦਿਨ ਜਦੋਂ ਭਾਰਤ ਦੇ ਖਜ਼ਾਨਾ ਮੰਤਰੀ ਡਾ. ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਣ ਹੋਇਆ ਤਾਂ ਉਨ੍ਹਾਂ ਸਾਰਿਆਂ ਦੀ, ਖਾਸ ਕਰਕੇ ਵਿਰੋਧੀ ਧਿਰਾਂ ਦੀ ਬੋਲਤੀ ਹੀ ਬੰਦ ਹੋ ਗਈ ਜਿਨ੍ਹਾਂ ਦਾ ਕੰਮ ਹੀ ਵਿਰੋਧ ਵਜੋਂ ਹੰਗਾਮਾ ਖੜ੍ਹਾ ਕਰਨਾ ਸੀ। ਡਾ. ਮਨਮੋਹਨ ਸਿੰਘ ਹੁਣਾਂ ਵੱਲੋਂ ਪੇਸ਼ ਇਹ ਪਹਿਲਾ ਅਜਿਹਾ ਬਜਟ ਦੀ ਜਿਸ ਵਿੱਚ ਪਾਰਲੀਮੈਂਟ ਵਿੱਚ ਕੋਈ ਕਿੰਤੂ ਪ੍ਰੰਤੂ ਹੋਏ ਬਿਨਾ ਬਜਟ ਪਾਸ ਕਰ ਦਿੱਤਾ ਗਿਆ।
ਆਪਣੇ ਪਹਿਲੇ ਬਜਟ ਭਾਸ਼ਣ ਦੇ ਸ਼ੁਰੂਆਤ ਵਿੱਚ ਡਾ. ਮਨਮੋਹਨ ਸਿੰਘ "ਵਿਕਟਰ ਹਿਊਗੋ" ਦੀ ਮਸ਼ਹੂਰ ਲਾਈਨ ਦਾ ਜ਼ਿਕਰ ਕੀਤਾ ਸੀ ਕਿ ''ਦੁਨੀਆਂ ਦੀ ਕੋਈ ਤਾਕਤ ਉਸ ਵਿਚਾਰ ਨੂੰ ਨਹੀਂ ਰੋਕ ਸਕਦੀ, ਜਿਸ ਦਾ ਸਮਾਂ ਆ ਚੁੱਕਿਆ ਹੋਵੇ।
ਆਪ ਦੇ ਪ੍ਰੀਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਬੇਟੀਆਂ ਹਨ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)
(ਧੰਨਵਾਦ ਸਹਿਤ)