ਦੁਕਾਨਾਂ 'ਤੇ ਜਾ ਕੇ ਕਿਸਾਨ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪੰਜਾਬ ਬੰਦ ਵਿੱਚ ਸਹਿਯੋਗ ਕਰਨ ਦੀ ਕਰ ਰਹੇ ਅਪੀਲ
30 ਦਸੰਬਰ ਦੀ ਪੰਜਾਬ ਬੰਦ ਕਾਲ ਨੂੰ ਮਿਲੇਗਾ ਭਰਵਾਂ ਹੁੰਗਾਰਾ ,ਵਪਾਰੀ ਅਤੇ ਦੁਕਾਨਦਾਰ ਕਰਨਗੇ ਪੂਰਾ ਸਹਿਯੋਗ_ ਕਿਸਾਨ ਆਗੂ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ , 28 ਦਸੰਬਰ 2024- 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਲਈ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂ ਆਪਣੇ ਸਾਥੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੁੜਨ ਅਤੇ ਕਿਸਾਨੀ ਸੰਘਰਸ਼ ਵਿੱਚ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਹਨ। ਇਸੇ ਨੂੰ ਲੈ ਕੇ ਬਟਾਲਾ ਤੇ ਵੱਖ-ਵੱਖ ਇਲਾਕਿਆਂ ਦੇ ਦੁਕਾਨਦਾਰਾਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁਕਾਨਾਂ 'ਤੇ ਜਾ ਕੇ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਅਤੇ ਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਨਾਲ ਹਰ ਵਰਗ ਜੁੜ ਰਿਹਾ ਹੈ। ਚਾਹੇ ਉਹ ਛੋਟਾ ਵਪਾਰੀ ਹੈ ਜਾਂ ਫਿਰ ਵੱਡਾ। ਦੁਕਾਨਦਾਰਾਂ ਅਤੇ ਵਪਾਰੀਆਂ ਨੇ 30 ਦਸੰਬਰ ਦੀ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਉਣ ਵਿੱਚ ਪੂਰਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ। ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਬੰਦ ਤੋਂ ਬਾਅਦ ਵੀ ਕੇਂਦਰ ਦੀ ਸਰਕਾਰ ਤੇ ਕੋਈ ਅਸਰ ਨਾ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ।