ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਕੀਤੀ ਗਈ ਕੈਂਪਸ ਪਲੇਸਮੈਂਟ ਡਰਾਇਵ
ਰੋਹਿਤ ਗੁਪਤਾ
ਬਟਾਲਾ, 29 ਅਪ੍ਰੈਲ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਧੀਨ ਪ੍ਰਿੰਸੀਪਲ ਸ. ਦਵਿੰਦਰ ਸਿੰਘ ਭੱਟੀ ਦੇ ਉਪਰਾਲਿਆਂ ਸਦਕਾ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖਰੇਖ ਹੇਠ ਆਈ. ਓ. ਐਲ. ਕੈਮੀਕਲ ਐਂਡ ਫਾਰਮਾ ਲਿਮਟਿਡ ਬਰਨਾਲਾ ਵੱਲੋਂ ਕੈਮੀਕਲ ਅਤੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਕੀਤੀ ਗਈ । ਇਸ ਪਲੇਸਮੈਂਟ ਡਰਾਈਵ ਦੀ ਸ਼ੁਰੂਆਤ ਸਮੇਂ ਵਿਜੇ ਮਿਨਹਾਸ ਇੰਚ: ਇਲੈਕਟਰੀਕਲ, ਸ਼ਿਵ ਰਾਜਨ ਪੁਰੀ ਇੰਚ: ਸਿਵਿਲ, ਮੈਡਮ ਰੇਖਾ ਇੰਚ: ਕੈਮੀਕਲ ਵਿਭਾਗ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਆਈ ਹੋਈ ਟੀਮ ਨੂੰ ਬੁਕੇਅ ਦੇ ਕੇ ਉਹਨਾਂ ਦਾ ਜੀ ਆਇਆਂ ਕੀਤਾ।
ਇਸ ਮੌਕੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਦੱਸਿਆ ਕਿ ਕੰਪਨੀ ਤੋਂ ਆਏ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਬਾਰੇ ਪੂਰੀ ਜਾਣਕਾਰੀ ਦੇਣ ਉਪਰੰਤ ਉਨ੍ਹਾਂ ਦਾ ਲਿਖਤੀ ਟੈਸਟ ਅਤੇ ਇੰਟਰਵਿਊ ਲਈ ਜਿਸ ਦਾ ਨਤੀਜਾ ਕੰਪਨੀ ਵੱਲੋਂ ਬਾਅਦ ਵਿੱਚ ਦੱਸਿਆ ਜਾਵੇਗਾ । ਚੁਣੇ ਜਾਣ ਵਾਲੇ ਵਿਦਿਆਰਥੀ ਆਪਣਾ ਕੋਰਸ ਪੂਰਾ ਕਰਨ ਉਪਰੰਤ ਕੰਪਨੀ ਵਿਚ ਜੁਆਇਨ ਕਰਨਗੇ । ਉਨ੍ਹਾਂ ਦੱਸਿਆ ਕਿ ਕੰਪਨੀ ਨਾਲ ਇਸ ਕਾਲਜ ਦਾ ਤਾਲਮੇਲ ਕਈ ਸਾਲਾਂ ਤੋਂ ਹੈ ਅਤੇ ਪਿਛਲੇ ਸਾਲਾਂ ਦੇ ਕਈ ਵਿਦਿਆਰਥੀ ਇਸ ਕੰਪਨੀ ਵਿੱਚ ਨੌਕਰੀ ਕਰ ਰਹੇ ਹਨ । ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਕੋਰਸ ਦੌਰਾਨ ਕਾਲਜ ਵਿੱਚੋਂ ਹੀ ਨੌਕਰੀ ਦਿਵਾਉਣ ਲਈ ਪਲੇਸਮੈਂਟ ਸੈੱਲ ਪੂਰੀ ਤਰ੍ਹਾਂ ਯਤਨਸ਼ੀਲ ਹੈ । ਉਨ੍ਹਾਂ ਦੀ ਟੀਮ ਵੱਲੋਂ ਵੱਲੋਂ ਵੱਖ ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਕਾਲਜ ਵਿਚ ਕੈਂਪਸ ਪਲੇਸਮੈਂਟ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ।
ਅੰਤ ਵਿਚ ਸ਼ਿਵ ਰਾਜਨਪੁਰੀ ਅਤੇ ਮੈਡਮ ਰੇਖਾ ਨੇ ਕਾਲਜ ਵਲੋਂ ਆਏ ਹੋਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਅਗਲੇ ਸਾਲਾਂ ਵਿੱਚ ਵੀ ਕੰਪਨੀ ਕਾਲਜ ਵਿੱਚ ਆ ਕੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਇਵ ਕਰਨਗੇ ।