ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ SYL ਬਾਰੇ ਉਹਨਾਂ ਪੰਜਾਬ ਦਾ ਕੀ ਪੱਖ ਕੇਂਦਰ ਕੋਲ ਰੱਖਿਆ: ਡਾ. ਚੀਮਾ
- ਕਿਹਾ ਕਿ ਐਸ ਵਾਈ ਐਲ ਨੂੰ ਸਿੰਧੂ ਜਲ ਸਮਝੌਤੇ ਨਾਲ ਨਹੀਂ ਜੋੜਿਆ ਜਾ ਸਕਦਾ
ਚੰਡੀਗੜ੍ਹ, 5 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੋਰ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਅੱਜ ਕੇਂਦਰ ਸਰਕਾਰ ਵੱਲੋਂ ਰੱਖੀ ਗਈ ਐਸ ਵਾਈ ਐਲ ਬਾਰੇ ਮੀਟਿੰਗ ਵਿਚ ਉਹਨਾਂ ਪੰਜਾਬ ਦਾ ਕਿਹੜਾ ਪੱਖ ਕੇਂਦਰ ਅੱਗੇ ਰੱਖਿਆ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕੋਲ ਦੇਣ ਵਾਸਤੇ ਇਕ ਬੂੰਦ ਵੀ ਪਾਣੀ ਨਹੀਂ ਹੈ ਪਰ ਕੇਂਦਰ ਵੱਲੋਂ ਐਸ ਵਾਈ ਐਲ ’ਤੇ ਮੀਟਿੰਗਾਂ ਨਿਰੰਤਰ ਜਾਰੀ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਆਖ ਰਹੇ ਹਨ ਕਿ ਉਹਨਾਂ ਪੰਜਾਬ ਦਾ ਪੱਖ ਚੰਗੀ ਤਰ੍ਹਾਂ ਰੱਖਿਆ ਹੈ ਪਰ ਪੰਜਾਬੀ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰ ਉਹਨਾਂ ਕੀ ਪੱਖ ਰੱਖਿਆ ਹੈ।
ਡਾ. ਚੀਮਾ ਨੇ ਐਸ ਵਾਈ ਐਲ ਦੇ ਮੁੱਦੇ ਨੂੰ ਸਿੰਧੂ ਜਲ ਸੰਧੀ ਨਾਲ ਜੋੜਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਐਸ ਵਾਈ ਐਲ ਦੇ ਮਾਮਲੇ ’ਤੇ ਪਹਿਲਾਂ ਪੰਜਾਬ ਨੂੰ ਨਿਆਂ ਮਿਲਣਾ ਚਾਹੀਦਾ ਹੈ। ਜਦੋਂ ਸਿੰਧੂ ਜਲ ਸਮਝੌਤੇ ਦੇ ਪਾਣੀ ਦੀ ਵੰਡ ਦਾ ਮੌਕਾ ਆਵੇਗਾ ਤਾਂ ਉਸ ਨਾਲ ਉਸ ਮੁਤਾਬਕ ਹੀ ਨਜਿੱਠਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਦੋਵਾਂ ਮਾਮਲਿਆਂ ਨੂੰ ਇਕੱਠਿਆ ਨਹੀਂ ਵੇਖਿਆ ਜਾਣਾ ਚਾਹੀਦਾ।