ਮੁੰਬਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭੋਜਨ ਅਤੇ ਪੋਸ਼ਣ ਕਾਰਜਾਂ ਨੂੰ ਵੇਖਿਆ
ਲੁਧਿਆਣਾ 24 ਫਰਵਰੀ, 2025
ਮੁੰਬਈ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੇ 65 ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ| ਇਹਨਾਂ ਵਿਦਿਆਰਥੀਆਂ ਦੀ ਵਿਸ਼ੇਸ਼ ਮੁਹਾਰਤ ਪੋਸ਼ਣ ਅਤੇ ਡਾਇਟੈਟਿਕਸ, ਭੋਜਨ ਪ੍ਰੋਸੈਸਿੰਗ ਅਤੇ ਪ੍ਰੀਜ਼ਰਵੇਸ਼ਨ ਤੋਂ ਇਲਾਵਾ ਅਪਲਾਈਡ ਨਿਊਟ੍ਰੀਸ਼ਨ ਅਤੇ ਡਾਇਟੈਟਿਕਸ ਵਿਸ਼ਿਆਂ ਬਾਰੇ ਸੀ| ਇਹਨਾਂ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਅਤੇ ਮਾਹਿਰਾਂ ਨਾਲ ਲਾਭਕਾਰੀ ਵਿਚਾਰ-ਚਰਚਾ ਕੀਤੀ| ਇਸ ਦੌਰਾਨ ਭੋਜਨ ਅਤੇ ਪੋਸ਼ਣ ਵਿਭਾਗ ਦੇ ਅਧਿਆਪਕਾਂ ਨੇ ਵਿਭਾਗ ਵੱਲੋਂ ਕੀਤੀ ਜਾ ਰਹੀ ਖੋਜ ਦੀ ਦਿਸ਼ਾ ਨੂੰ ਸਾਂਝੀ ਕਰਦਿਆਂ ਵਿਭਾਗ ਵਿਚ ਜਾਰੀ ਖੋਜ ਪ੍ਰੋਜੈਕਟਾਂ ਬਾਰੇ ਦੌਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ| ਵਿਭਾਗ ਦੇ ਬੇਕਰੀ ਅਤੇ ਸਿਹਤਮੰਦ ਭੋਜਨ ਯੂਨਿਟ ਦੇ ਪ੍ਰਯੋਗ ਖੇਤਰ ਦਾ ਦੌਰਾ ਕਰਨ ਸਮੇਂ ਵਿਦਿਆਰਥੀ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਨਜ਼ਰ ਆਏ| ਉਹਨਾਂ ਨੇ ਫੰਕਸ਼ਨਲ ਬੇਕਰੀ ਉਤਪਾਦਾਂ, ਨਵੀਨ ਸਿਹਤਮੰਦ ਭੋਜਨ ਅਤੇ ਮੁੱਲਵਾਧੇ ਵਾਲੀਆਂ ਭੋਜਨ ਵੰਨਗੀਆਂ ਦੇ ਨਿਰਮਾਣ ਅਤੇ ਵਿਕਰੀ ਬਾਰੇ ਜਾਣਕਾਰੀ ਲਈ ਦੌਰਾ ਕਰਨ ਵਾਲੇ ਵਿਦਿਆਰਥੀ ਦੇ ਸਮੂਹ ਨੇ ਭੋਜਨ ਉਦਯੋਗ ਇਨਕੁਬੇਸ਼ਨ ਕੇਂਦਰ ਦਾ ਦੌਰਾ ਕੀਤਾ ਅਤੇ ਇਸਦੀਆਂ ਕਾਰਜ ਵਿਧੀਆਂ ਨੂੰ ਜਾਣਿਆ| ਵਿਦਿਆਰਥੀਆਂ ਨੂੰ ਇਸ ਕੇਂਦਰ ਦੇ ਕੰਮਕਾਜ ਦੇ ਤਰੀਕਿਆਂ ਦੀ ਵਿਹਾਰਕ ਜਾਣਕਾਰੀ ਦਿੱਤੀ ਗਈ ਅਤੇ ਇਸਦੇ ਨਾਲ ਹੀ ਭੋਜਨ ਉਦਯੋਗ ਦੇ ਖੇਤਰ ਵਿਚ ਸਿਖਿਆਰਥੀਆਂ ਅਤੇ ਉਦਯੋਗਿਕ ਕਾਮਿਆਂ ਦੀ ਅਗਵਾਈ ਕਰਨ ਲਈ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਜਾਣੂੰ ਕਰਵਾਇਆ ਗਿਆ|
ਪੰਜਾਬ ਦੇ ਸੱਭਿਆਚਾਰ ਤੋਂ ਜਾਣੂੰ ਹੋਣ ਲਈ ਵਿਦਿਆਰਥੀਆਂ ਦਾ ਇਹ ਵਫਦ ਸਮਾਜਿਕ ਇਤਿਹਾਸ ਦੇ ਪੇਂਡੂ ਅਜਾਇਬ ਘਰ ਦੇ ਦੌਰੇ ਤੇ ਵੀ ਗਿਆ| ਇਹਨਾਂ ਵਿਦਿਆਰਥੀਆਂ ਨੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੇਤੀ ਰਵਾਇਤ ਦੀ ਜਾਣਕਾਰੀ ਹਾਸਲ ਕੀਤੀ| ਨਿਰਮਲਾ ਨਿਕੇਤਨ ਮੁੰਬਈ ਦੇ ਵਿਦਿਆਰਥੀਆਂ ਨੇ ਇਸ ਦੌਰੇ ਦੌਰਾਨ ਗ੍ਰਹਿਣ ਕੀਤੀ ਜਾਣਕਾਰੀ ਨੂੰ ਬੇਹੱਦ ਲਾਭਕਾਰੀ ਅਤੇ ਉਤਸ਼ਾਹ ਵਰਧਕ ਕਿਹਾ|