ਮਾਨ ਸਰਕਾਰ ਦੀ ਅਗਵਾਈ ‘ਚ ਧਰਮ ਨਿਰਪੱਖ ਮਾਹੌਲ ਲਈ ਪੰਜਾਬ ਦੇਸ਼ ਦਾ ਮੋਹਰੀ ਸੂਬਾ - ਧਾਲੀਵਾਲ
-ਪੰਜਾਬ ਦੀ ਕੌਮਾਂਤਰੀ ਸਰਹੱਦ ਉਤੇ ਲੋਕ ਪੂਰੀ ਤਰਾਂ ਬੁਲੰਦ ਹੌਂਸਲੇ ‘ਚ
-ਧਾਲੀਵਾਲ ਨੇ ਅਜਨਾਲਾ ਕੌਮਾਂਤਰੀ ਸਰਹੱਦ ਨੇੜੇ ਪਿੰਡਾਂ ਦੇ ਕਿਸਾਨਾਂ, ਪੰਚਾਇਤਾਂ ਤੇ ਆਮ ਲੋਕਾਂ ਨਾਲ ਮੀਟਿੰਗਾਂ ਕਰਕੇ ਵਧਾਇਆ ਹੌਂਸਲਾ
ਅੰਮ੍ਰਿਤਸਰ, 29 ਅਪੈ੍ਲ 2025 ()- ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸਬ ਡਵੀਜਨ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਵੱਸੇ ਘੋਹਨੇਵਾਲਾ, ਮਾਛੀਵਾਲਾ , ਸਹਿਜ਼ਾਦਾ , ਜੱਟਾ –ਪੱਛੀਆ, ਸਿੰਘੋਕੇ, ਨਿਸੋਕੇ, ਗੱਗੜ, ਪੰਜ ਗਰਾਈਆਂ ਵਾਹਲਾ, ਨੰਗਲ ਸੋਹਲ ਤੇ ਧੰਗਈ ਆਦਿ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾ, ਮਜਦੂਰਾਂ , ਗਾ੍ਮ ਪੰਚਾਇਤਾਂ, ਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਆਮ ਲੋਕਾਂ ਨਾਲ ਮੀਟਿੰਗਾਂ ਰਾਹੀਂ ਸਿੱਧਾ ਸੰਵਾਦ ਰਚਾਇਆ। ਇਸ ਦੌਰਾਨ ਉਹਨਾਂ ਪਹਿਲਗਾਮ ਅਤਿਵਾਦੀ ਕਾਰੇ ਨੂੰ ਅਤਿਨਿੰਦਣਯੋਗ ਕਰਾਰ ਦਿਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਮ ਦਿਨਾਂ ਵਾਂਗ ਹੀ ਆਪਣਾ ਜਨ ਜੀਵਨ ਚੜਦੀ ਕਲਾ ਵਿੱਚ ਰੱਖਣ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ 553 ਕਿਲੋਮੀਟਰ ਲੰਮੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰਾਂ ਵਚਣਬੱਧ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਪੰਜਾਬ ਦੀ ਕੌਮਾਂਤਰੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਲੋਕ ਬੀ. ਐਸ.ਐਫ. ਪਿਛੋਂ ਸੈਕਿੰਡ ਡਿਫੈਂਸ ਲਾਈਨ ਵਜੋਂ ਪਹਿਲਗਾਮ ਅੱਤਵਾਦੀ ਹਮਲੇ ਵਿਰੁੱਧ ਭਾਰੀ ਰੋਸ ਅਤੇ ਗੁੱਸੇ ਦੇ ਬਾਵਜੂਦ ਬੁਲੰਦ ਹੌਂਸਲਿਆਂ ‘ਚ ਪੂਰੀ ਤਰਾਂ ਚੜਦੀ ਕਲਾ ‘ਚ ਹਨ। ਕਿਸਾਨਾਂ ਤੇ ਮਜਦੂਰਾਂ ਵਲੋਂ ਸਰਹੱਦੀ ਪਿੰਡਾਂ ‘ਚ ਕਣਕ ਤੇ ਤੂੜੀ ਦੀ ਸਾਂਭ ਸੰਭਾਲ ਪੂਰੀ ਤਰਾਂ ਸੰਜ਼ਮ ਤੇ ਬਿਨਾਂ ਖੌਫ ਕਰ ਰਹੇ ਹਨ।
ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ‘ਚ ਪੰਜਾਬ ਅਜਿਹਾ ਪਲੇਠਾ ਸੂਬਾ ਹੈ, ਜਿੱਥੇ ਪਹਿਲਗਾਮ ਵਰਗੇ ਘਿਨੋਣੇ ਕਾਰੇ ਦੇ ਬਾਵਜੂਦ ਮੁਕੰਮਲ ਰੂਪ ‘ਚ ਫਿਰਕੂ ਸਦਭਾਵਨਾ ਕਾਇਮ ਰਹੀ ਹੈ। ਪੰਜਾਬ ਚ ਕਸ਼ਮੀਰੀ ਕਾਰੋਬਾਰੀਆਂ, ਨਿੱਜੀ ਅਦਾਰਿਆਂ ਚ ਨੌਕਰੀਆਂ ਕਰਦੇ ਤੇ ਵਿਦਿਅੱਕ ਸੰਸਥਾਵਾਂ ‘ਚ ਪੜਦੇ ਕਸ਼ਮੀਰੀ ਵਿਦਿਆਰਥੀਆਂ ਪ੍ਤੀ ਕਿਸੇ ਕਿਸਮ ਦੇ ਫਿਰਕੂ ਮਾੜੇ ਸਲੂਕ ਦੀ ਘਟਨਾ ਨਹੀਂ ਵਾਪਰੀ ਅਤੇ ਦੇਸ਼ ਦੇ ਹੋਰਨਾਂ ਰਾਜਾਂ ਨੂੰ ਵੀ ਪੰਜਾਬ ਦੇ ਇਸ ਧਰਮ ਨਿਰਪੱਖ ਤੇ ਫਿਰਕੂ ਸਦਭਾਵੀ ਮਾਹੌਲ ਨੂੰ ਕਾਇਮ ਰੱਖੇ ਜਾਣ ਦੇ ਸੂਬਾ ਮਾਨ ਸਰਕਾਰ ਦੇ ਉਚਿਤ ਕਦਮਾਂ ਤੋਂ ਸਬਕ ਗ੍ਰਹਿਣ ਕਰਨ ਦੀ ਲੋੜ ਹੈ।ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਪਾਕਿਸਤਾਨ ਨੇ ਆਪਣੇ ਨਾਪਾਕ ਮਨਸੂਬੇ ਤਹਿਤ ਸਰਹੱਦ ਤੇ ਕੋਈ ਜੰਗ ਵਰਗੀ ਛੇੜਛਾੜ ਕੀਤੀ ਤਾਂ ਪੰਜਾਬ ਦੀ ਸਰਹੱਦ ਤੇ ਸੈਕੰਡ ਡਿਫੈਂਸ ਲਾਈਨ ਵਜੋਂ ਰਿਹਾਇਸ਼ ਰੱਖ ਰਹੇ ਸਿਵਲ ਨਾਗਰਿਕ ਬੀ.ਐਸ.ਐਫ. ਤੇ ਹੋਰ ਫੌਜੀ ਦਲਾਂ ਨੂੰ ਨਿਸ਼ਕਾਮ ਸੇਵਾਵਾਂ ਮੁਹੱਈਆ ਕਰਕੇ ਸਾਲ 1965 ਤੇ ਸਾਲ 1971 ਦੀਆਂ ਜੰਗਾਂ ਨਾਲੋਂ ਵੀ ਵੱਧ ਪਾਕਿਸਤਾਨੀ ਫੌਜਾਂ ਦੇ ਦੰਦ ਖੱਟੇ ਕਰਨ ਦੇ ਸਮਰਥ ਹਨ।
ਸਰਹੱਦੀ ਲੋਕਾਂ ਦਾ ਹਾਲ ਚਾਲ ਜਾਨਣ ਸਮੇਂ ਐਸ ਡੀ ਐਮ ਅਜਨਾਲਾ ਸ. ਰਵਿੰਦਰ ਸਿੰਘ ਸਮੇਤ ਪੁਲਿਸ,ਪਾਵਰਕਮ,ਬੀ ਡੀ ਪੀ ਓ, ਡਰੇਨਜ਼, ਪੰਜਾਬ ਮੰਡੀ ਬੋਰਡ ਆਦਿ ਵੱਖ ਵੱਖ ਵਿਭਾਗਾਂ ਦੇ ਸਬ ਡਵੀਜ਼ਨਲ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ,,ਸੁਪਰਵਾਈਜ਼ਰ ਕਾਬਲ ਸਿੰਘ ਸੰਧੂ ਸਰਪੰਚ, ਪੰਚ, ਨੰਬਰਦਾਰ, ਤੇ ਵੱਡੀ ਹਾਜ਼ਰੀ ਚ ਹੋਰ ਮੁਹਤਬਰ ਮੌਜੂਦ ਸਨ।