ਬੱਸ ਅੱਡਾ ਮਾਮਲਾ: ਰੋਸ ਜਤਾਉਣ ਲਈ ਧਰਨਾਕਾਰੀਆਂ ਨੇ ਬੰਨ੍ਹੀਆਂ ਕਾਲੀਆਂ ਪੱਟੀਆਂ
ਅਸ਼ੋਕ ਵਰਮਾ
ਬਠਿੰਡਾ, 1 ਮਈ 2025:ਬਠਿੰਡਾ ਦਾ ਬੱਸ ਅੱਡਾ ਸ਼ਿਫਟ ਕਰਨ ਖਿਲਾਫ ‘ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੌਰਾਨ ਧਰਨਾਕਾਰੀਆਂ ਨੇ ਅੱਜ ਕਾਲੀਆਂ ਪੱਟੀਆਂ ਬੰਨ੍ਹਕੇ ਰੋਸ ਜਤਾਇਆ ਅਤੇ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਭੜਕੇ ਲੋਕਾਂ ਨੇ ਬਠਿੰਡਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੱਢੀ ਅਤੇ ਸੰਘਰਸ਼ ਹੋਰ ਤੇਜ ਕਰਨ ਦੀ ਚਿਤਾਵਨੀ ਵੀ ਦਿੱਤੀ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਪ੍ਰਸ਼ਾਸਨ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਤੋਂ ਉਹ ਮੁਢਲੀ ਸੁਵਿਧਾ ਖੋਹਣ ‘ਤੇ ਤੁਲਿਆ ਹੋਇਆ ਹੈ ਜੋ ਉਨ੍ਹਾਂ ਨੂੰ ਪੰਜ ਦਹਾਕੇ ਪਹਿਲਾਂ ਮਿਲੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡਾ ਸਿਰਫ਼ ਆਵਾਜਾਈ ਦਾ ਕੇਂਦਰ ਨਹੀਂ, ਸਗੋਂ ਹਜ਼ਾਰਾਂ ਯਾਤਰੀਆਂ ਦੀ ਲੋੜ ਅਤੇ ਸ਼ਹਿਰ ਵਾਸੀਆਂ ਦੀ ਧੜਕਣ ਹੈ।
ਉਨ੍ਹਾਂ ਕਿਹਾ ਕਿ ਬੱਸ ਅੱਡਾ ਵਪਾਰ, ਰੋਜ਼ਗਾਰ ਅਤੇ ਸਥਾਨਕ ਆਵਾਜਾਈ ਦਾ ਮੁੱਖ ਸਾਧਨ ਹੈ ਜਿਸ ਨੂੰ ਹਟਾ ਕੇ ਸ਼ਹਿਰ ਦੀ ਰਫਤਾਰ ਅਤੇ ਸੁਵਿਧਾ ਦੋਹਾਂ ਨੂੰ ਠੱਪ ਕਰਨ ਦੀ ਕਮੇਟੀ ਆਗੂ ਹਰਵਿੰਦਰ ਸਿੰਘ ਹੈਪੀ ਨੇ ਦੋਸ਼ ਲਾਇਆ ਕਿ ਬੱਸ ਅੱਡੇ ਨੂੰ ਹਟਾਉਣ ਦੀ ਕਾਰਵਾਈ ਬਿਨਾਂ ਕਿਸੇ ਜਨਤਕ ਸੁਣਵਾਈ ਅਤੇ ਰਾਏਸ਼ੁਮਾਰੀ ਦੇ ਕੀਤੀ ਜਾ ਰਹੀ ਹੈ, ਜੋ ਕਿ ਲੋਕਤੰਤਰੀ ਕਦਰਾਂ ਕੀਮਤਾਂ ਦੀ ਸਿੱਧੀ ਉਲੰਘਣ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਿਰਫ ਕੁੱਝ ਪ੍ਰਭਾਵਸ਼ਾਲੀ ਲੋਕਾਂ ਦੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਚੁੱਕਿਆ ਜਾ ਰਿਹਾ ਹੈ, ਨਾ ਕਿ ਆਮ ਲੋਕਾਂ ਦੀ ਸਹੂਲਤ ਲਈ। ਬੱਸ ਅੱਡਾ ਬਚਾਓ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਨਾ ਕੀਤਾ, ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕ ਇਸ ਰਾਹ ਤੇ ਨਹੀਂ ਜਾਣਾ ਚਾਹੁੰਦੇ ਸਨ , ਉਨ੍ਹਾਂ ਨੂੰ ਤਾਂ ਲੋਕ ਮਾਰੂ ਨੀਤੀ ਖਿਲਾਫ ਧਰਨਿਆਂ ਮੁਜ਼ਾਹਰਿਆਂ ਲਈ ਮਜਬੂਰ ਹੋਣਾ ਪਿਆ ਹੈ। ਬੱਸ ਅੱਡਾ ਬਚਾਓ ਕਮੇਟੀ ਦੇ ਸੰਦੀਪ ਬਾਬੀ ਅਤੇ ਵਿਦਿਆਰਥੀ ਆਗੂ ਪਾਇਲ ਅਰੋੜਾ ਨੇ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਆਪਣਾ ਲੋਕ ਵਿਰੋਧੀ ਫੈਸਲਾ ਰੱਦ ਨਹੀਂ ਕਰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਮੌਜੂਦਾ ਬੱਸ ਅੱਡਾ ਮਲੋਟ ਰੋਡ ਤੇ ਸ਼ਿਫਟ ਕਰਨ ਲਈ ਵਿਊਂਤਬੰਦੀ ਕੀਤੀ ਹੈ ਜਿਸ ਦਾ ਸੰਘਰਸ਼ ਕਮੇਟੀ ਵਿਰੋਧ ਕਰ ਰਹੀ ਹੈ। ਇਸ ਮੌਕੇ ਵੱਖ ਵੱਖ ਜਨਤਕ ਜੱਥੇਬੰਦੀਆਂ ਦੇ ਪ੍ਰਤੀਨਿਧੀ, ਸਿਆਸੀ ਪਾਰਟੀਆਂ ਦੇ ਅਹੁਦੇਦਾਰ, ਸ਼ਹਿਰ ਵਾਸੀ ਅਤੇ ਸੰਘਰਸ਼ ਕਮੇਟੀ ਦੇ ਆਗੂ ਹਾਜ਼ਰ ਸਨ।
ਬੱਸ ਅੱਡਾ ਵਿਰੋਧੀਆਂ ਨੂੰ ਕਰਾਰਾ ਜਵਾਬ
ਨਾਮਵਰ ਚਿਤਰਕਾਰ ਗੁਰਪ੍ਰੀਤ ਬਠਿੰਡਾ ਨੇ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ 1972 ਵਿੱਚ ਬੱਸ ਅੱਡਾ ਸ਼ਿਫਟ ਕਰਨ ਦਾ ਜਵਾਬ ਦਿੰਦਿਆਂ ਕਿਹਾ ਕਿ 1940 ਵਿੱਚ ਰਜਿੰਦਰਾ ਕਾਲਜ ਬਣਿਆ ਸੀ ਜਦੋਂਕਿ ਸਿਵਲ ਲਾਈਨਜ਼ ਅਤੇ ਜਿਲ੍ਹਾ ਕਚਹਿਰੀਆਂ 1953 ਤੱਕ ਬਣੀਆਂ ਸਨ। ਰਜਿੰਦਰਾ ਕਾਲਜ ਦੇ ਸਾਹਮਣੇ ਡਿਊਨਜ਼ ਕਲੱਬ ਦੀ ਸਥਾਪਨਾ 1954 ਵਿੱਚ ਹੋਈ ਸੀ ਜਦੋਂਕਿ ਕੇਂਦਰੀ ਜੇਲ ਤੇ ਸਿਵਲ ਹਸਪਤਾਲ 1956 ਵਿੱਚ ਅਤੇ 1961 ਵਿੱਚ ਸੇਂਟ ਜੋਸਫ ਸਕੂਲ ਬਣਿਆ ਸੀ। ਗੁਰਪ੍ਰੀਤ ਆਖਦੇ ਹਨ ਕਿ ਇੰਨ੍ਹਾਂ ਅਦਾਰਿਆਂ ’ਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ 1972 ਵਿੱਚ ਬੱਸ ਅੱਡਾ ਸ਼ਿਫਟ ਕੀਤਾ ਸੀ ਨਾਂਕਿ ਸ਼ਹਿਰੋਂਂ ਬਾਹਰ ਕੱਢਿਆ ਸੀ। ਵੱਡੀ ਗੱਲ ਹੈ ਕਿ ਮੌਜੂਦਾ ਬੱਸ ਅੱਡਾ ਪੁਰਾਣੇ ਤੋਂ ਬੇਹੱਦ ਥੋਹੜੀ ਦੂਰੀ ਤੇ ਬਣਾਇਆ ਸੀ ਨਾਂਕਿ 5 ਕਿੱਲੋਮੀਟਰ ਉਜਾੜ ਵਿੱਚ। ਉਨ੍ਹਾਂ ਕਿਹਾ ਕਿ ਜਦੋਂ ਬੱਸ ਅੱਡਾ ਰੇਲਵੇ ਸਟੇਸ਼ਨ ਕੋਲ ਸੀ ਤਾਂ ਉਦੋਂ ਬਠਿੰਡਾ ਇੱਕ ਕਸਬਾ ਸੀ ਅਤੇ ਸ਼ਹਿਰੀ ਸਹੂਲਤਾਂ ਵੀ ਨਹੀਂ ਸਨ।