ਬਿਜਲੀ ਮੁਲਾਜ਼ਮਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ 'ਚ ਲਾਲ ਝੰਡਾ ਲਹਿਰਾਇਆ
- ਮੁਲਾਜ਼ਮਾਂ ਦੇ ਬਕਾਏ ਤੇ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ- ਸਵੱਦੀ, ਚੀਮਾਂ
ਦੀਪਕ ਜੈਨ
ਜਗਰਾਉਂ 1 ਮਈ 2025 -: ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਅੱਜ ਸਬਅਰਬਨ ਉਪ ਮੰਡਲ ਜਗਰਾਉਂ, ਟੀ.ਆਰ.ਡਬਲਯੂ. ਮੰਡਲ ਜਗਰਾਉਂ ਅਤੇ ਸਿਟੀ ਦਫਤਰ ਜਗਰਾਉਂ ਦੇ ਗੇਟਾਂ ਅੱਗੇ ਟੈਕਨੀਕਲ ਸਰਵਿਸ ਯੂਨੀਅਨ ਦਾ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਟੀ.ਐਸ.ਯੂ. ਮੰਡਲ ਜਗਰਾਉਂ ਦੇ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ ਅਤੇ ਉਪ ਪ੍ਰਧਾਨ ਪਰਮਜੀਤ ਸਿੰਘ ਚੀਮਾਂ ਨੇ ਆਖਿਆ ਕਿ ਅੰਤਰ-ਰਾਸ਼ਟਰੀ ਮਜ਼ਦੂਰ ਦਿਹਾੜੇ ਦੀ ਸ਼ੁਰੂਆਤ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਤੋਂ ਹੋਈ ਸੀ, ਜਿੱਥੇ 1886 ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਪ੍ਰਦਰਸ਼ਨ ਕੀਤਾ ਸੀ। 15-15 ਘੰਟੇ ਕੰਮ ਕਰਨ ਵਾਲੇ ਕਾਮੇ ਆਪਣੇ 8 ਘੰਟੇ ਕੰਮ ਕਰਨ ਦੀ ਮੰਗ ਨੂੰ ਲੈਕੇ ਹੜਤਾਲ 'ਤੇ ਸਨ। ਇਸ ਦੌਰਾਨ ਲਾਠੀਚਾਰਜ ਅਤੇ ਪੁਲਿਸ ਗੋਲੀਬਾਰੀ ਵਿੱਚ ਕਈ ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਤਿੰਨ ਸਾਲ ਬਾਅਦ 1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਹੋਈ।
ਇਹ ਫੈਸਲਾ ਕੀਤਾ ਗਿਆ ਕਿ ਹਰੇਕ ਮਜ਼ਦੂਰ ਨੂੰ ਸਿਰਫ 8 ਘੰਟੇ ਪ੍ਰਤੀ ਦਿਨ ਕੰਮ ਕਰਨਾ ਹੋਵੇਗਾ। ਕਾਨਫਰੰਸ ਤੋਂ ਬਾਅਦ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਹਰ ਸਾਲ ਇਸ ਦਿਨ ਵਰਕਰਾਂ ਨੂੰ ਛੁੱਟੀ ਦੇਣ ਦਾ ਫੈਸਲਾ ਵੀ ਕੀਤਾ ਗਿਆ। ਬਾਅਦ ਵਿੱਚ ਅਮਰੀਕਾ ਦੇ ਮਜ਼ਦੂਰਾਂ ਵਾਂਗ 8 ਘੰਟੇ ਕੰਮ ਕਰਨ ਦਾ ਨਿਯਮ ਕਈ ਹੋਰ ਦੇਸ਼ਾਂ ਵਿੱਚ ਵੀ ਲਾਗੂ ਕੀਤਾ ਗਿਆ। ਇਸ ਮੌਕੇ ਸਮੂਹ ਬਿਜਲੀ ਕਰਮਚਾਰੀਆਂ ਨੇ "ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ" ਦੇ ਨਾਅਰੇ ਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਇਸ ਮੌਕੇ ਉਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਰਹਿੰਦੇ ਬਕਾਏ ਤੇ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਕਲ ਸਕੱਤਰ ਬੂਟਾ ਸਿੰਘ ਮਲਕ, ਸਾਬਕਾ ਪ੍ਰਧਾਨ ਅਜਮੇਰ ਸਿੰਘ ਕਲੇਰ, ਅਮ੍ਰਿਤਪਾਲ ਸਿੰਘ ਢੋਲਣ ਜੇਈ, ਕੁਲਦੀਪ ਸਿੰਘ ਮਲਕ, ਸੁਖਵਿੰਦਰ ਸਿੰਘ ਕਾਕਾ ਜੇਈ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ, ਮਨਜੀਤ ਸਿੰਘ, ਜਗਜੀਤ ਸਿੰਘ ਫੋਰਮੈਨ, ਹਰਚਰਨ ਸਿੰਘ, ਜਗਰੂਪ ਸਿੰਘ ਰੂਪ, ਜਸਵੀਰ ਸਿੰਘ ਮਲਕ, ਲਪਿੰਦਰ ਸਿੰਘ, ਅੰਮ੍ਰਿਤ ਸਿੰਘ, ਬਿੱਟੂ ਸਿੰਘ, ਛਿੰਦਾ ਸਿੰਘ ਕਲੇਰ, ਅਮਰਜੀਤ ਸਿੰਘ ਮਲਕ, ਗੁਰਦੀਪ ਸਿੰਘ, ਨਰਿੰਦਰ ਸਿੰਘ, ਦਲਜੀਤ ਮੁਹੰਮਦ ਆਦਿ ਵੀ ਹਾਜ਼ਰ ਸਨ।